ਸੁਖਦੇਵ ਸਿੰਘ, ਬਟਾਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਿ੍ਸ਼ਟਾਚਾਰ ਮੁਕਤ ਰਾਜ ਦੇਣ ਦੇ ਵਾਅਦੇ ਨੂੰ ਸੱਚ ਕਰ ਵਿਖਾਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਬੀਸੀ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਦਰਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣੀ ਸਰਕਾਰ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਉਪਰ ਰਿਸ਼ਵਤਖੋਰੀ ਦੇ ਇਲਜ਼ਾਮ ਤੋਂ ਬਾਅਦ ਜਿਥੇ ਸਿਹਤ ਮੰਤਰੀ ਨੂੰ ਆਪਣੀ ਸਰਕਾਰ ਵਿੱਚੋਂ ਬਰਖਾਸਤ ਕੀਤਾ ਹੈ, ਉਥੇ ਉਹਨਾਂ ਵਿਰੁੱਧ ਪੁਲਿਸ ਕੇਸ ਵੀ ਦਰਜ਼ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ। ਉਨਾਂ੍ਹ ਕਿਹਾ ਕਿ ਇਹ ਪੰਜਾਬ ਵਿੱਚ ਹੁਣ ਤੱਕ ਬਣੀਆਂ ਸਾਰੀਆਂ ਹੀ ਪਾਰਟੀਆਂ ਦੀਆਂ ਸਰਕਾਰਾਂ ਤੋਂ ਵੱਖਰਾ ਇੱਕ ਨਿਵੇਕਲਾ ਫੈਸਲਾ ਹੈ, ਕਿਉਂਕਿ ਇਹ ਸਰਕਾਰਾਂ ਆਪਣੇ ਹੀ ਭਿ੍ਸ਼ਟਾਚਾਰੀ ਮੰਤਰੀਆਂ ਅਤੇ ਵਿਧਾਇਕਾਂ ਦੇ ਹੱਕ ਵਿੱਚ ਡੱਟ ਜਾਂਦੀਆਂ ਸਨ, ਜਿਸ ਨਾਲ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਭ ਪ੍ਰਸ਼ਾਸਨਿਕ ਵਿਭਾਗਾਂ ਵਿੱਚ ਮੰਤਰੀਆਂ, ਵਿਧਾਇਕਾ ਤੇ ਅਧਿਕਾਰੀਆਂ ਦੀ ਆਪਸੀ ਮਿਲੀਭੁਗਤ ਕਾਰਣ ਰਿਸ਼ਵਤਖੋਰੀ ਬੇਰੋਕ ਟੋਕ ਚੱਲਦੀ ਸੀ ਤੇ ਆਮ ਲੋਕਾਂ ਦੀ ਹਰੇਕ ਢੰਗ ਨਾਲ ਲੁੱਟ ਖਸੁੱਟ ਹੁੰਦੀ ਸੀ। ਅਖੀਰ ਵਿੱਚ ਉਹਨਾਂ ਸਾਰੇ ਮੰਤਰੀਆਂ ਵਿਧਾਇਕਾ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਨਯੋਗ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਇਸ ਇਤਿਹਾਸਕ ਫੈਸਲੇ ਤੋਂ ਸਬਕ ਲੈ ਕੇ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਨਿਭਾਉਣ ਤਾਂ ਜ਼ੋ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਸਕਣ।