ਸ਼ਾਮ ਸਿੰਘ ਘੁੰਮਣ, ਗੁਰਦਾਸਪੁਰ

ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਦੀ ਅਗਵਾਈ ਹੇਠ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਜ਼ਿਲ੍ਹੇ ਅੰਦਰ ਮਠਿਆਈ ਤੇ ਕਰਿਆਨੇ ਆਦਿ ਦੁਕਾਨਾਂ ਦੀ ਚੈਕਿੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਮੰਗਲਵਾਰ ਨੂੰ ਦੀਨਾਨਗਰ ਵਿਖੇ ਮਠਿਆਈ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ 13 ਸੈਂਪਲ ਭਰੇ ਗਏ। ਜਿਨ੍ਹਾਂ ਨੂੰ ਖਰੜ ਦੀ ਲੈਬਾਰਟਰੀ ਵਿਖੇ ਚੈੱਕ ਕਰਨ ਲਈ ਭੇਜ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਅਮਨਦੀਪ ਸਿੰਘ ਜ਼ਿਲ੍ਹਾ ਸਿਹਤ ਅਫਸਰ ਨੇ ਅੱਗੇ ਦੱਸਿਆ ਕਿ ਦੀਨਾਨਗਰ ਵਿਖੇ ਸ਼ਰਮਾ ਲਵਲੀ ਸਵੀਟਸ ਸ਼ਾਪ ਤੋਂ ਖੋਆ ਬਰਫੀ, ਪੇਠਾ ਅਤੇ ਬਿਸਕੁਟ, ਜਨਕ ਸਵੀਟਸ ਸ਼ਾਪ ਤੋਂ ਕਲਾਕੰਦ ਅਤੇ ਰਸਗੁੱਲੇ, ਚਮਨ ਲਾਲ ਸਵੀਟਸ ਸ਼ਾਪ ਤੋਂ ਖੋਆ ਬਰਫੀ ਅਤੇ ਪਨੀਰ, ਕਿਸ਼ਨ ਲਾਲ ਸਵੀਟਸ ਸ਼ਾਪ ਤੋਂ ਪਨੀਰ ਤੇ ਮਿਲਕ ਕੇਕ, ਪਰਕਾਸ਼ ਸਵੀਟਸ ਸ਼ਾਪ ਤੋਂ ਖੋਆ ਤੇ ਬਰਫੀ ਅਤੇ ਪਾਸ਼ੀ ਸਵੀਟਸ ਸ਼ਾਪ ਤੋਂ ਖੋਆ ਬਰਫੀ ਤੇ ਕਲਾਕੰਦ ਮਠਿਆਈ ਦੇ ਸੈਂਪਲਾਂ ਨੂੰ ਖਰੜ ਦੀ ਲੈਬਾਰਟਰੀ ਵਿਖੇ ਚੈੱਕ ਕਰਨ ਲਈ ਭੇਜ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਅਤੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਖਾਸ ਕਰ ਕੇ ਦੁੱਧ ਅਤੇ ਦੁੱਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ ਤੇ ਜ਼ਿਲ੍ਹੇ ਅੰਦਰ ਨਕਲੀ ਦਵਾਈਆਂ ਵੇਚਣ ਵਾਲੇ ਤੇ ਦੁੱਧ ਤੇ ਦੁੱਧ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।