ਜੇਐੱਨਐੱਨ, ਪਠਾਨਕੋਟ/ਮਾਧੋਪੁਰ : ਪੰਜਾਬ ਤੋਂ ਜੰਮੂ-ਕਸ਼ਮੀਰ ਵੱਲ ਜਾਂਦੇ ਵਾਹਨਾਂ ਦੀ ਮਾਧੋਪੁਰ ਨਾਕੇ 'ਤੇ ਜਾਂਚ ਇਕ ਵਾਰ ਫਿਰ ਸ਼ੁਰੂ ਕਰ ਦਿੱਤੀ ਗਈ ਹੈ। ਐਤਵਾਰ ਨੂੰ ਪਠਾਨਕੋਟ ਪੁਲਿਸ ਨੇ ਜੰਮੂ ਵੱਲ ਜਾਂਦੇ ਵਾਹਨਾਂ ਦੀ ਜਾਂਚ ਲਈ ਨਾਕੇ 'ਤੇ ਤਿੰਨ ਪੁਲਿਸ ਮੁਲਾਜ਼ਮ ਤੈਨਾਤ ਕਰ ਦਿੱਤੇ ਹਨ। ਸਾਲ 2016 'ਚ ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਹੋਏ ਹਮਲੇ ਤੋਂ ਬਾਅਦ ਮਾਧੋਪੁਰ ਨਾਕੇ 'ਤੇ ਹਰੇਕ ਵਾਹਨ ਦੀ ਜਾਂਚ ਹੁੰਦੀ ਸੀ, ਪਰੰਤੂ ਪਿਛਲੇ ਇਕ ਸਾਲ ਤੋਂ ਪੁਲਿਸ ਨੇ ਜੰਮੂ ਵੱਲ ਜਾਂਦੀਆਂ ਗੱਡੀਆਂ ਦੀ ਚੈਕਿੰਗ ਬੰਦ ਕਰ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਵੀਰਵਾਰ ਸਵੇਰੇ ਲਖਨਪੁਰ ਬੈਰੀਅਰ 'ਤੇ ਹਥਿਆਰਾਂ ਸਮੇਤ ਅੱਤਵਾਦੀਆਂ ਦੇ ਫੜੇ ਜਾਣ ਤੋਂ ਬਾਅਦ ਪਠਾਨਕੋਟ ਪੁਲਿਸ ਦੀ ਕਾਫੀ ਕਿਰਕਿਰੀ ਹੋਈ ਸੀ। ਤਿੰਨ ਅੱਤਵਾਦੀ ਟਰੱਕ 'ਚ ਹਥਿਆਰ ਲੁਕਾ ਕੇ ਪਠਾਨਕੋਟ ਰਾਹੀਂ ਲਖਨਪੁਰ ਪੁੱਜ ਗਏ ਸਨ। ਪਠਾਨਕੋਟ ਪੁਲਿਸ ਨੇ ਕਿਸੇ ਨਾਕੇ 'ਤੇ ਵੀ ਟਰੱਕ ਦੀ ਜਾਂਚ ਨਹੀਂ ਕੀਤੀ ਸੀ।

ਮਾਧੋਪੁਰ ਨਾਕੇ 'ਤੇ ਸੱਤ ਮੁਲਾਜ਼ਮ ਹਰ ਸਮੇਂ ਡਿਊਟੀ 'ਤੇ ਤੈਨਾਤ ਰਹਿੰਦੇ ਹਨ। ਹੁਣ ਚਾਰ ਮੁਲਾਜ਼ਮ ਜੰਮੂ ਵੱਲੋਂ ਆਉਣ ਵਾਲੇ ਵਾਹਨਾਂ ਦੀ ਜਾਂਚ ਕਰਨਗੇ, ਜਦਕਿ ਤਿੰਨ ਜੰਮੂ ਵੱਲ ਜਾਂਦੇ ਵਾਹਨਾਂ ਦੀ ਚੈਕਿੰਗ ਕਰਨਗੇ। ਦੂਜੇ ਪਾਸੇ, ਮਾਧੋਪੁਰ ਤੋਂ ਅੱਧਾ ਕਿਲੋਮੀਟਰ ਅੱਗੇ ਲਖਨਪੁਰ ਬੈਰੀਅਰ 'ਤੇ ਹੁਣ ਪੁਲਿਸ ਦੇ ਨਾਲ ਸੀਆਰਪੀਐੱਫ ਦੇ ਜਵਾਨ ਵੀ ਜਾਂਚ ਲਈ ਤੈਨਾਤ ਕਰ ਦਿੱਤੇ ਗਏ ਹਨ।

ਸਰਹੱਦੀ ਇਲਾਕੇ 'ਚ ਰਾਤ ਨੂੰ ਗਸ਼ਤ ਕਰਨਗੇ ਕਮਾਂਡੋ

ਪਠਾਨਕੋਟ ਪੁਲਿਸ ਨੇ ਹੁਣ ਰਾਵੀ ਦਰਿਆ ਤੋਂ ਲੈ ਕੇ ਨਰੋਟ ਜੈਮਲ ਸਿੰਘ ਅਤੇ ਬਮਿਆਲ ਸੈਕਟਰ 'ਚ ਨਾਕਿਆਂ 'ਤੇ ਨਫ਼ਰੀ ਵਧਾ ਦਿੱਤੀ ਹੈ। ਇਲਾਕੇ 'ਚ ਕਰੀਬ 14 ਨਾਕੇ ਲਾਏ ਗਏ ਹਨ। ਹਰੇਕ ਨਾਕੇ 'ਤੇ ਚਾਰ ਤੋਂ ਪੰਜ ਜਵਾਨ ਤੈਨਾਤ ਕਰ ਦਿੱਤੇ ਗਏ ਹਨ। ਹੁਣ ਵਾਹਨਾਂ ਨੂੰ ਜਾਂਚ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾਵੇਗਾ। ਜੰਮੂ ਦੇ ਨਾਲ ਲਗਦੀ ਸਰਹੱਦ 'ਤੇ ਹੁਣ ਰਾਤ ਸਮੇਂ ਐੱਸਐੱਸਜੀ ਕਮਾਂਡੋ ਗਸ਼ਤ ਕਰਨਗੇ।

ਸਰਹੱਦੀ ਇਲਾਕੇ 'ਚ ਸੁਰੱਖਿਆ ਵਧਾਈ : ਐੱਸਐੱਸਪੀ

ਐੱਸਐੱਸਪੀ ਪਠਾਨਕੋਟ ਦੀਪਕ ਹਿਲੋਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਨਾਲ ਲਗਦੇ ਇਲਾਕਿਆਂ 'ਚ ਸੁਰੱਖਿਆ ਵਧਾਈ ਗਈ ਹੈ। ਇਨ੍ਹਾਂ ਇਲਾਕਿਆਂ 'ਚ ਹਰੇਕ ਸਰਗਰਮੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਵਾਹਨਾਂ ਦੀ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਹੀ ਅੱਗੇ ਜਾਣ ਦੀ ਆਗਿਆ ਦਿੱਤੀ ਜਾਵੇਗੀ।