ਆਕਾਸ਼, ਗੁਰਦਾਸਪੁਰ : ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕਸ਼ੀ ਕਰ ਲੈਣ 'ਤੇ ਮ੍ਰਿਤਕ ਵਿਅਕਤੀ ਦੇ ਪਿਤਾ ਦੇ ਬਿਆਨ' ਤੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

ਮੰਗਤ ਮਸੀਹ ਪੁੱਤਰ ਨਿਆਮਤ ਮਸੀਹ ਵਾਸੀ ਪੂਰੋਵਾਲ ਜੱਟਾ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆ ਕਿ ਉਸ ਦੇ ਬੇਟੇ ਜੈਕਿਬ ਭੱਟੀ (27) ਦਾ ਵਿਆਹ 28 ਫ਼ਰਵਰੀ 2020 ਨੂੰ ਪ੍ਰੀਤੀ ਪੁੱਤਰੀ ਦਾਨੀਅਲ ਮਸੀਹ ਵਾਸੀ ਦੋਲੇਵਾਲ ਦੇ ਨਾਲ ਹੋਇਆ ਸੀ ਜਿਸ ਦੀ ਇਕ 10 ਮਹੀਨੇ ਦੀ ਬੇਟੀ ਹੈ, ਲੜਕੀ ਹੋਣ ਤੋ ਬਾਅਦ ਨੰਨੂ ਪੁੱਤਰ ਦਾਨੀਅਲ ਮਸੀਹ, ਭੋਲੀ ਪਤਨੀ ਦਾਨੀਅਲ ਮਸੀਹ ਉਸ ਦੇ ਬੇਟੇ ਜੇਕਿਬ ਭੱਟੀ ਦੇ ਨਾਲ ਝਗੜਾ ਕਰ ਕੇ ਉਸ ਦੀ ਨੂੰਹ ਨੂੰ ਆਪਣੇ ਪੇਕੇ ਘਰ ਲੈ ਜਾਂਦੇ ਸੀ । ਬੀਤੀ 13 ਸਤੰਬਰ ਨੂੰ ਉਕਤ ਭੋਲੀ ਤੇ ਨੰਨੂ ਉਸ ਦੇ ਘਰ ਆਏ ਤੇ ਉਸ ਦੇ ਪੁੱਤਰ ਜੇਕਿਬ ਭੱਟੀ ਨੂੰ ਬਹੁਤ ਜ਼ਿਆਦਾ ਧਮਕੀਆਂ ਦਿੱਤੀਆਂ ਅਤੇ ਉਸ ਦੀ ਨੂੰਹ ਪ੍ਰੀਤੀ ਨੂੰ ਆਪਣੇ ਨਾਲ ਲੈ ਗਏ । ਇਸ ਤੋਂ ਬਾਅਦ ਜੇਕਿਬ ਭੱਟੀ ਪ੍ਰੇਸ਼ਾਨ ਹੋ ਗਿਆ ਅਤੇ ਬੀਤੇ ਦਿਨ 9 ਵਜੇ ਜੇਕਿਬ ਭੱਟੀ ਨੇ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਨੂੰ ਇਲਾਜ ਕਰਾਉਣ ਲਈ ਸਥਾਨਕ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਜਿੱਥੇ ਜੇਕਿਬ ਭੱਟੀ ਦੀ ਮੋਤ ਹੋ ਗਈ ।

ਏ ਐਸ ਆਈ ਕੁਲਦੀਪ ਸਿੰਘ ਨੇ ਦਸਿਆਂ ਕਿ ਮੰਗਤ ਮਸੀਹ ਵੱਲੋਂ ਦਿੱਤੇ ਬਿਆਨ ਤੇ ਮ੍ਰਿਕਤਕ ਦੀ ਪਤਨੀ ਸਮੇਤ ਤਿੰਨ ਵਿਰੁੱਧ ਮਾਮਲਾ ਆਈ ਪੀ ਸੀ ਦੀ ਧਾਰਾ 306 ਤਹਿਤ ਮਾਮਲਾ ਦਰਜ਼ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Posted By: Jatinder Singh