ਆਕਾਸ਼, ਗੁਰਦਾਸਪੁਰ : ਆਜ਼ਾਦੀ ਦਿਵਸ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ 15 ਅਗਸਤ ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ, ਜਿਸ ਸਬੰਧੀ ਅੱਜ ਸਥਾਨਕ ਲੈਫ. ਸ਼ਹੀਦ ਨਵਦੀਪ ਸਿੰਘ (ਅਸੋਕ ਚੱਕਰ) ਖੇਡ ਸਟੇਡੀਅਮ ਵਿਖੇ ਫੁੱਲ ਡਰੈਸ ਰਿਹਰਸਲ ਕਰਵਾਈ ਗਈ, ਜਿਸ ਵਿੱਚ ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਵਲੋਂ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨਾਂ੍ਹ ਦੇ ਨਾਲ ਐਸਐਸਪੀ ਦੀਪਕ ਹਿਲੋਰੀ ਵੀ ਮੌਜੂਦ ਸਨ।

ਪਰੇਡ ਕਮਾਂਡਰ ਦੀ ਅਗਵਾਈ ਡੀਐਸਪੀ ਗੁਰਬਿੰਦਰ ਸਿੰਘ ਨੇ ਕੀਤੀ, ਜਿਸ ਵਿੱਚ ਪੰਜਾਬ ਪੁਲਿਸ, ਪੰਜਾਬ ਹੋਮ ਗਾਰਡਜ਼, ਜੀਓਜੀ ਅਤੇ ਐਨਸੀਸੀ ਦੇ ਵਿਦਿਆਰਥੀ ਅਤੇ ਪੰਜਾਬ ਤੇ ਆਰਮੀ ਬੈਂਡ ਦੀ ਟੁਕੜੀ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ ਅਤੇ ਇਸ ਸ਼ਾਨਦਾਰ ਮਾਰਚ ਪਾਸਟ ਵਲੋਂ ਸਲਾਮੀ ਦਿੱਤੀ ਗਈ। ਉਪਰੰਤ ਸਮਾਗਮ ਵਿਚ ਦੇਸ਼ ਭਗਤੀ ਤੇ ਆਧਾਰਿਤ ਸੱਭਿਆਚਾਰਕ ਪੋ੍ਗਰਾਮ ਦੀ ਪੇਸ਼ਕਾਰੀ ਦਿੱਤੀ ਗਈ ਤੇ ਵਿਦਿਆਰਥੀਆਂ ਵਲੋਂ ਪੀਟੀ ਸ਼ੋਅ ਵੀ ਕੀਤਾ ਗਿਆ। ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਨੇ ਕਿਹਾ ਕਿ 15 ਅਗਸਤ ਨੂੰ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰ 'ਤੇ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਤੇ ਜੋਸ਼ ਨਾਲ ਮਨਾਇਆ ਜਾਵੇਗਾ।

ਉਨਾਂ੍ਹ ਕਿਹਾ ਕਿ ਇਸ ਮਹੱਤਵਪੂਰਨ ਦਿਹਾੜੇ 'ਤੇ ਕੁਲਦੀਪ ਸਿੰਘ ਧਾਲੀਵਾਲ, ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਐਨ.ਆਰ.ਆਈ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਉਨਾਂ੍ਹ ਕਿਹਾ ਕਿ ਇਸ ਦਿਨ ਜਿਥੇ ਆਜ਼ਾਦੀ ਘੁਲਾਟੀਆਂ ਤੇ ਵੀਰ ਨਾਰੀਆਂ ਦਾ ਸਨਮਾਨ ਕੀਤਾ ਜਾਵੇਗਾ, ਉਥੇ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼ਹੀਦਾਂ ਨੂੰ ਨਮਨ ਕਰਨ ਲਈ ਸ਼ਹੀਦ ਗੈਲਰੀ ਵੀ ਸਥਾਪਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿਚ ਵੀ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਤੇ ਉਨਾਂ ਨੂੰ ਯਾਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ 24 ਘੰਟੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਰਿਹਰਸਲ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਖੇਡ ਸਟੇਡੀਅਮ ਵਿਚ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਅਤੇ ਆਜ਼ਾਦੀ ਦਿਵਸ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ ਤੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਦੇ ਮਹੱਤਵਪੂਰਨ ਦਿਹਾੜੇ 'ਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਮੀ-ਪੇਸ਼ੀ ਨਹੀਂ ਰਹਿਣੀ ਚਾਹੀਦੀ। ਉਨਾਂ ਕਿਹਾ ਕਿ ਇਸ ਮਹਾਨ ਦਿਵਸ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਨੇਪਰੇ ਚਾੜਿ੍ਹਆ ਜਾਵੇ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਦਿਵਸ 'ਤੇ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਅਤੇ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਵਿਚ ਰਾਸ਼ਟਰੀ ਤਿਰੰਗਾ ਲਹਿਰਾਉਣ।

ਇਸ ਮੌਕੇ ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਨਦੀਪ ਕੋਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਪਰਮਜੀਤ ਕੋਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸ੍ਰੀਮਤੀ ਅਮਨਦੀਪ ਕੋਰ ਐਸਡੀਐਮ ਗੁਰਦਾਸਪੁਰ, ਡਾ. ਵਰੁਣ ਕੁਮਾਰ ਸਹਾਇਕ ਕਮਿਸ਼ਨਰ (ਜ), ਗੁਰਮੀਤ ਸਿੰਘ ਆਰ.ਟੀ.ਏ ਗੁਰਦਾਸਪੁਰ, ਨਵਜੋਤ ਸਿੰਘ ਸੰਧੂ ਐਸ.ਪੀ (ਹੈੱਡਕੁਆਟਰ), ਹਰਪਾਲ ਸਿੰਘ ਜਿਲਾ ਸਿੱਖਿਆ ਅਫਸਰ, ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਪ), ਡਾ.ਸ਼ਾਮ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ, ਪਰਮਿੰਦਰ ਸਿੰਘ ਸੈਣੀ ਸਟੇਟ ਐਵਾਰਡੀ, ਹਰਮਨਪ੍ਰਰੀਤ ਸਿੰਘ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੀ ਮੌਜੂਦ ਸਨ।