ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਡ੍ਰੋਨ ਆਉਣੇ ਜਾਰੀ ਹਨ। ਇਨ੍ਹਾਂ ਡ੍ਰੋਨਾਂ ਰਾਹੀਂ ਸਮੱਗਲਿੰਗ ਰੋਕਣ ਲਈ ਬੀਐੱਸਐੱਫ ਨੇ ਇਕ ਲੱਖ ਰੁਪਏ ਦਾ ਇਨਾਮ ਦੇਣ ਲਈ ਸਰਹੱਦੀ ਪਿੰਡਾਂ ਵਿਚ ਬੁੱਧਵਾਰ ਨੂੰ ਪੋਸਟਰ ਲਾਏ ਗਏ ਹਨ। ਬੀਐੱਸਐੱਫ ਦੀ 89 ਬਟਾਲੀਅਨ ਸ਼ਿਕਾਰ ਮਾਛੀਆਂ ’ਤੇ ਜਵਾਨਾਂ ਨੇ ਬੁੱਧਵਾਰ ਨੂੰ ਬੀਓਪੀ ਮੇਤਲਾ, ਅਗਵਾਨ, ਬੋਹੜ ਪਠਾਣਾਂ, ਮੀਰਕਚਾਣਾ, ਮੋਮਨਪੁਰ, ਰੋਸਾ, ਪਕੀਵਾਂ, ਧੀਦੋਵਾਲ, ਬਰੀਲਾ, ਰੁਡਿਆਣਾ, ਦੋਸਤਪੁਰ, ਬੋਹੜ ਵਡਾਲਾ, ਚੌੜਾ ਖੁਰਦ ਆਦਿ ਦੋ ਦਰਜਨ ਦੇ ਕਰੀਬ ਪਿੰਡਾਂ ਵਿਚ ਪੋਸਟਰ ਲਾਏ ਹਨ ਕਿ ਡ੍ਰੋਨ ਬਾਰੇ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਣਾ ਹੈ।

ਬੀਐੱਸਐੱਫ ਅਧਿਕਾਰੀਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਤੋਂ ਆਉਣ ਵਾਲਾ ਚਿੱਟਾ ਤੇ ਡ੍ਰੋਨ ਬਾਰੇ ਜਾਣਕਾਰੀ ਹੋਣ ’ਤੇ 9417809047, 9417901144, 9417809014, 9417809018, 9417901150, 01812233348, 9417901153 ਨੰਬਰਾਂ ’ਤੇ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਹੈਰੋਇਨ ਵੇਚਣ ਵਾਲੇ ਨੂੰ ਵੀ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬੀਐੱਸਐੱਫ ਨੇ ਪਿੰਡ ਪੱਧਰ ’ਤੇ ਵੀ ਅਨਾਉਂਸਮੈਂਟ ਕਰਵਾਈ ਹੈ। ਸਰਹੱਦੀ ਇਲਾਕੇ ਵਿਚ ਡ੍ਰੋਨ ਬਾਰੇ ਸੂਚਨਾ ਦੇਣ ਸਬੰਧੀ ਲਾਏ ਗਏ ਪੋਸਟਰਾਂ ਬਾਰੇ ਜਦੋਂ ਡੀਆਈਜੀ ਪ੍ਰਭਾਕਰ ਜੋਸ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।