ਦਵਿੰਦਰ ਸਿੰਘ ਖ਼ਾਲਸਾ, ਅਲੀਵਾਲ : ਪਿੰਡ ਕੁਲਾਰ ਦੇ 25 ਸਾਲਾ ਨੌਜਵਾਨ ਸੋਭਾ ਸਿੰਘ ਦੀ ਦੁਬਈ ਵਿਚ ਮੌਤ ਹੋਣ ਬਾਰੇ ਖ਼ਬਰ ਮਿਲੀ ਹੈ। ਮਰਹੂਮ ਸੋਭਾ ਸਿੰਘ ਦੇ ਮਾਪਿਆਂ ਨੇ ਦੱਸਿਆ ਕਿ ਪੁੱਤਰ ਸਾਲ ਪਹਿਲਾਂ ਦੁਬਈ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਦੋ ਦਿਨ ਪਹਿਲਾਂ ਪੁੱਤਰ ਨਾਲ ਗੱਲ ਹੋਈ ਸੀ ਤੇ ਉਹ ਦੱਸ ਰਿਹਾ ਸੀ ਕਿ ਡਿਊਟੀ 'ਤੇ ਜਾ ਰਿਹਾ ਹੈ। ਇਸ ਮਗਰੋਂ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਗੱਲਬਾਤ ਨਹੀਂ ਹੋਈ ਜਦਕਿ ਹੁਣ ਫੋਨ 'ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ। ਇਸ ਦੀ ਵਜ੍ਹਾ ਪੁੱਛੀ ਤਾਂ ਕੋਈ ਭਰੋਸੇਯੋਗ ਉੱਤਰ ਨਹੀਂ ਮਿਲਿਆ। ਮਿ੍ਤਕ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੀ ਭੈਣ ਦੇ ਵਿਆਹ ਦੀਆਂ ਸਲਾਹਾਂ ਕਰ ਰਿਹਾ ਸੀ। ਦੁਖੀ ਮਾਪਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁੱਤਰ ਦੀ ਦੇਹ ਨੂੰ ਜਲਦੀ ਪਿੰਡ ਪਹੁੰਚਾਇਆ ਜਾਵੇ ਤੇ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾਵੇ। ਇਸ ਤੋਂ ਇਲਾਵਾ ਗ਼ਰੀਬ ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ।