ਆਕਾਸ਼, ਗੁਰਦਾਸਪੁਰ

ਸੋਮਵਾਰ ਨੂੰ ਸੰਨੀ ਦਿਓਲ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਬਾਅਦ ਗੁਰਦਾਸਪੁਰ ਵਿਚ ਰੱਖੀ ਗਈ ਚੋਣ ਰੈਲੀ ਦੌਰਾਨ ਭਾਜਪਾ ਵਰਕਰ ਏਨੇ ਅਨੁਸਾਸ਼ਨਹੀਣ ਨਜ਼ਰ ਆਏ ਕਿ ਉਨ੍ਹਾਂ ਨੇ ਆਪਣੇ ਹੀ ਪ੍ਰਰੋਗਰਾਮ ਨੂੰ ਅਸਫਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਅਗਲੀਆਂ ਕਤਾਰਾਂ ਵਿਚ ਬੈਠੇ ਭਾਜਪਾ ਆਗੂ ਸੰਨੀ ਦਿਓਲ ਦੇ ਆਉਂਦੇ ਹੀ ਖੜੇ ਹੋ ਗਏ ਜਿਸਦੇ ਚਲਦਿਆਂ ਪਿੱਛੇ ਬੈਠੇ ਲੋਕਾਂ ਨੂੰ ਕੁੱਝ ਦਿਖਾਈ ਨਾ ਦੇਣ ਕਾਰਨ ਕੁੱਝ ਲੋਕ ਗੁੱਸੇ ਵਿੱਚ ਸੰਨੀ ਦੇ ਭਾਸ਼ਣ ਦੇਣ ਤੋਂ ਪਹਿਲਾਂ ਹੀ ਉਠ ਕੇ ਚਲੇ ਗਏ। ਇਸ ਤੋਂ ਇਲਾਵਾ ਸਥਾਨਕ ਭਾਜਪਾ ਆਗੂਆਂ ਵਿਚਾਲੇ ਮੰਚ ਨੂੰ ਬੈਠਣ ਤੋਂ ਲੈ ਕੇ ਵਿਵਾਦ ਵੀ ਹੋਇਆ।

ਸੰਨੀ ਨਾਲ ਮੇਰਾ ਨਜ਼ਦੀਕੀ ਰਿਸ਼ਤਾ : ਬੱਬੇਹਾਲੀ

ਪ੍ਰਰੋਗਰਾਮ ਦੌਰਾਨ ਮੰਚ ਸੰਚਾਲਨ ਕਰ ਰਹੇ ਸ਼ੋ੍ਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਸੰਨੀ ਦਿਓਲ ਨਾਲ ਮੇਰਾ ਨਜ਼ਦੀਕੀ ਰਿਸ਼ਤਾ ਹੈ। ਉਨ੍ਹਾਂ ਨੇ ਸੰਨੀ ਨੂੰ ਦੱਸਿਆ ਕਿ ਉਨ੍ਹਾਂ ਦਾ ਆਪਣਾ ਸਿਨੇਮਾ ਹਾਲ ਹੈ ਜਿਸ ਵਿਚ ਉਹ ਅਕਸਰ ਹੀ ਸੰਨੀ ਦੀਆਂ ਫਿਲਮਾਂ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਆਮ ਹੀਰੋ ਦੀਆਂ ਫਿਲਮਾਂ ਇਕ ਦੋ ਹਫਤੇ ਵਿਚ ਉਤਰ ਜਾਂਦੀਆਂ ਹਨ ਉਥੇ ਹੀ ਸੰਨੀ ਦੀਆਂ ਫਿਲਮਾਂ ਕਈ=ਕਈ ਹਫਤਿਆਂ ਤੱਕ ਚਲਦੀਆਂ ਰਹਿੰਦੀਆਂ ਹਨ।

ਵਿਨੋਦ ਖੰਨਾ ਦਾ ਆਸ਼ੀਰਵਾਦ ਸੰਨੀ ਨਾਲ : ਕਵਿਤਾ ਖੰਨਾ

ਸਾਬਕਾ ਸਾਂਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਵਿਨੋਦ ਖੰਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਸੰਨੀ ਦਾ ਆਪਣੇ ਗੁਰਦਾਸਪੁਰੁ ਪਰਿਵਾਰ ਵਿਚ ਸਵਾਗਤ ਕਰਦੀ ਹੈ। ਉਨ੍ਹਾਂ ਨੇ ਭਾਸ਼ਣ ਨਾਲ ਹੀ ਚਾਰੇ ਪਾਸੇ ਵਿਨੋਦ ਖੰਨਾ ਅਮਰ ਰਹੇ ਦੇ ਨਾਅਰੇ ਗੁੰਜਣ ਲੱਗੇ। ਕਵਿਤਾ ਖੰਨਾ ਨੇ ਕਿਹਾ ਕਿ ਵਿਨੋਦ ਖੰਨਾ ਦਾ ਆਸ਼ੀਰਵਾਦ ਸੰਨੀ ਦਿਓਲ ਨਾਲ ਹੈ। ਉਨ੍ਹਾਂ ਨੇ ਸਾਰਿਆਂ ਨੂੰ ਅੱਧੇ ਮਿੰਟ ਦਾ ਮੌਨ ਧਾਰ ਕੇ ਵਿਨੋਦ ਖੰਨਾ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਜਿਸ 'ਤੇ ਸਾਰਿਆਂ ਨੇ ਵਿਨੋਦ ਖੰਨਾ ਨੂੰ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।

ਕਈ ਆਗੂਆਂ ਨੇ ਕੱਢੀ ਕਾਂਗਰਸ ਖ਼ਿਲਾਫ਼ ਭੜਾਸ

ਬਟਾਲਾ ਦੇ ਵਿਧਾੲਕ ਲਖਬੀਰ ਸਿਘ ਲੋਧੀਨੰਗਲ ਨੇ ਕਿਹਾ ਕਿ ਇਕ ਐੱਸਸੀ ਤੋਂ ਹਾਰ ਕੇ ਸੁਨੀਲ ਜਾਖੜ ਗੁਰਦਾਸਪੁਰ ਵਿਚ ਆਏ ਹਨ। ਸੰਨੀ ਦੇ ਬਾਅਦ ਲੋਕ ਉਨ੍ਹਾਂ ਨੇ ਫਿਰ ਤੋਂ ਬੋਰੀਆਂ ਬਿਸਤਰਾ ਗੋਲ ਕਰਕੇ ਵਾਪਸ ਭੇਜ ਦੇਣਗੇ। ਇੰਦਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਵੈਸੇ ਤਾਂ ਪੂਰੇ ਪੰਜਾਬ ਵਿਚ ਧੱਕੇਸ਼ਾਹੀਆਂ ਹੋ ਰਹੀਆਂ ਹਨ ਪਰ ਸਭ ਤੋਂ ਵੱਧ ਧੱਕੇਸ਼ਾਹੀ ਗੁਰਦਾਸਪੁਰ ਤੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਵਿਚ ਹੋ ਰਹੀ ਹੈ। ਮਾਸਟਰ ਮੋਹਨ ਲਾਲ ਨੇ ਕਿਹਾ ਕਿ ਭਾਜਪਾ ਵੱਲੋਂ ਟਿਕਟ ਦਾ ਐਲਾਨ ਭਾਵੇਂ ਹੀ ਦੇਰ ਨਾਲ ਕੀਤਾ ਗਿਆ ਹੈ ਪਰ ਇਕ ਅਜਿਹੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਜੋ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਦੇ ਮੁਕਾਬਲੇ ਦਾ ਹੈ ਜੋ ਉਸ ਨੂੰੂ ਜੜ ਤੋਂ ਉਖਾੜ ਸੁੱਟੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਝੂਠੀਆਂ ਕਸਮਾਂ ਖਾ ਕੇ ਸਰਕਾਰ ਬਣਾਈ ਗਈ ਪਰ ਢਾਈ ਸਾਲ ਦੇ ਕਾਰਜਕਾਲ ਵਿਚ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।

ਇਸ ਮੌਕੇ ਕਵਿਤਾ ਖੰਨਾ, ਸਵਰਨ ਸਲਾਰੀਆ, ਨਿਰਮਲ ਸਿੰਘ ਕਾਹਲੋਂ, ਰਵੀਕਰਨ ਸਿੰਘ ਕਾਹਲੋ, ਐਡਵੋਕੇਟ ਅਮਰਜੀਤ ਸਿੰਘ ਬੱਬੇਹਾਲੀ, ਰਣਜੀਤ ਸਿੰਘ ਕਾਹਲੋਂ, ਸੁਧੀਰ ਮਹਾਜਨ, ਜਗਦੀਸ਼ ਰਾਜ ਸਾਹਨੀ, ਨਰਿੰਦਰ ਸਿੰਘ ਵਾੜਾ, ਕਮਲ ਸ਼ਰਮਾ, ਲਖਬੀਰ ਸਿੰਘ, ਦਿਨੇਸ਼ ਬੱਬੂ, ਬਾਲਕ੍ਰਿਸ਼ਨ ਮਿੱਤਲ, ਸੁਰੇਸ਼ ਭਾਟੀਆ, ਪਰਮਿੰਦਰ ਸਿੰਘ ਗਿੱਲ, ਜੋਗਿੰਦਰ ਸਿੰਘ ਛੀਨਾ, ਰਾਕੇਸ਼ ਜੋਤੀ, ਵਿਜੇ ਵਰਮਾ ਆਦਿ ਦੇ ਇਲਾਵਾ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।

ਬੱਬੇਹਾਲੀ ਨੂੰ ਦੇਖ ਯਾਦ ਆਇਆ ਜ਼ਿਲ੍ਹਾ ਪ੍ਰਧਾਨ

ਭਾਜਪਾ ਆਗੂਆਂ ਵੱਲੋਂ ਮੰਚ ਦੇ ਪਿਛੇ ਇਕ ਵੱਡਾ ਬੈਨਰ ਲਗਾਇਆ ਗਿਆ ਸੀ ਜਿਸ 'ਤੇ ਭਾਜਪਾ ਅਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਫੋਟੋ ਲਗਾਈ ਹੋਈ ਸੀ। ਬੈਨਰ ਦੇ ਇਕ ਪਾਸੇ ਹੇਠਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਾਲਕ੍ਰਿਸ਼ਨ ਮਿੱਤਲ ਦੀ ਫੋਟੋ ਵੀ ਲਗਾਈ ਹੋਈ ਸੀ ਪਰ ਭਾਜਪਾ ਆਗੂਆਂ ਨੇ ਸ਼ੋ੍ਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੂੰ ਭੁਲਾ ਹੀ ਦਿੱਤਾ ਸੀ। ਜਿਵੇਂ ਹੀ ਗੁਰਬਚਨ ਸਿੰਘ ਬੱਬੇਹਾਲੀ ਮੰਚ 'ਤੇ ਬੈਠੇ ਤਾਂ ਭਾਜਪਾ ਆਗੂਆਂ ਨੂੰ ਉਨ੍ਹਾਂ ਦੀ ਯਾਦ ਆ ਗਈ ਜਿਸ 'ਤੇ ਭਾਜਪਾ ਆਗੂਆਂ ਨੇ ਬੱਬੇਹਾਲੀ ਦੀ ਇਕ ਫੋਟੋ ਮੰਗਵਾ ਕੇ ਮੌਕੇ 'ਤੇ ਬੈਨਰ 'ਤੇ ਚਿਪਕਾਈ ਗਈ।

ਮੰਚ 'ਤੇ ਬੈਠਣ ਨੂੰ ਲੈ ਕੇ ਖੜ੍ਹਾ ਹੋਇਆ ਵਿਵਾਦ

ਪ੍ਰਰੋਗਰਾਮ ਦੌਰਾਨ ਮੰਚ 'ਤੇ ਬੈਠਣ ਵਾਲੇ ਲੋਕਾਂ ਦੀ ਪਹਿਲਾਂ ਤੋਂ ਹੀ ਸੂਚੀ ਤਿਆਰ ਕੀਤੀ ਗਈ ਸੀ ਪਰ ਪ੍ਰਰੋਗਰਾਮ ਦੌਰਾਨ ਅਕਾਲੀ ਭਾਜਪਾ ਦੇ ਕਈ ਨੇਤਾ ਧੱਕੇਸ਼ਾਹੀ ਨਾਲ ਮੰਚ 'ਤੇ ਜਾ ਬੈਠੇ ਜਿਸਨੂੰ ਲੈ ਕੇ ਇਕ ਦੋ ਵਾਰ ਝਗੜਾ ਹੋ ਗਿਆ। ਅਕਾਲੀ ਦਲ ਦੇ ਇਕ ਨੇਤਾ ਨੂੰ ਜਦੋਂ ਪੁਲਿਸ ਪਾਰਟੀ ਵੱਲੋਂ ਮੰਚ 'ਤੇ ਜਾਣ ਤੋਂ ਰੋਕਿਆ ਗਿਆ ਤਾਂ ਉਸਨੇ ਮੰਚ 'ਤੇ ਬੈਠੇ ਹੋਰ ਆਗੂਆਂ ਨੂੰ ਮੰਚ ਤੋਂ ਉੱਠਣ ਲਈ ਕਿਹਾ ਜਿਸਦੇ ਬਾਅਦ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅੱਗੇ ਆਏ ਅਤੇ ਉਨ੍ਹਾਂ ਨੇ ਮੰਚ 'ਤੇ ਬੈਠਾ ਦਿੱਤਾ।

ਨਲਕਾ ਲੈ ਕੇ ਪਹੁੰਚਿਆ ਅਕਾਲੀ ਵਰਕਰ

ਸੰਨੀ ਦਿਓਲ ਦੀ ਸੁਪਰਹਿੱਟ ਫਿਲਮ 'ਗਦਰ' ਵਿਚ ਨਲਕਾ ਪੁੱਟਣ ਦੇ ਸੀਨ ਤੋਂ ਪ੍ਰਭਾਵਿਤ ਹੋ ਕੇ ਹਲਕਾ ਫਤਹਿਗੜ ਚੁੂੜੀਆਂ ਨਾਲ ਸਬੰਧਿਤ ਅਕਾਲੀ ਆਗੂ ਰਜਵੰਤ ਸਿੰਘ ਕਾਹਲੋਂ ਅਤੇ ਗੁਰਪ੍ਰਰੀਤ ਸਿੰਘ ਨਲਕਾ ਲੈ ਕੇ ਰੈਲੀ ਵਿਚ ਪਹੁੰਚੇ ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਭਰ ਗਿਆ ਅਤੇ ਪੰਡਾਲ ਵਿਚ ਬੈਠੇ ਸਾਰੇ ਲੋਕ ਉਸ ਨੂੰ ਦੇਖਣ ਲੱਗੇ। ਇਸਦੇ ਬਾਅਦ ਉਕਤ ਵਰਕਰ ਨਲਕਾ ਲੈ ਕੇ ਮੰਚ 'ਤੇ ਵੀ ਬੈਠੇ ਅਤੇ ਸੰਨੀ ਦਿਓਲ ਨਾਲ ਫੋਟੋ ਖਿਚਵਾਈ।