ਆਸ਼ਕ ਰਾਜ ਮਾਹਲ, ਸ਼ਾਹਪੁਰ ਜਾਜਨ : ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਡ ਢਿੱਲਵਾਂ ਵਿਖੇ ਕਤਲ ਹੋਏ ਅਕਾਲੀ ਨੇਤਾ ਦਲਬੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ।

ਇਸ ਮੌਕੇ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਦਲਬੀਰ ਸਿੰਘ ਦਾ ਕਤਲ ਜ਼ਮੀਨੀ ਵਿਵਾਦ ਕਰ ਕੇ ਨਹੀਂ, ਬਲਕਿ ਸਿਆਸੀ ਸਾਜ਼ਿਸ਼ ਤਹਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰ ਮੁਤਾਬਕ ਬਿਆਨ ਦਰਜ ਨਹੀਂ ਕੀਤੇ। ਉਨ੍ਹਾਂ ਨੇ ਪੰਜਾਬ ਦੇ ਆਈਜੀ ਅਤੇ ਐੱਸਐੱਸਪੀ ਬਟਾਲਾ ਤੋਂ ਇਸ ਮਾਮਲੇ ਵਿਚ ਦਖਲ ਦੇਣ ਅਤੇ ਪਰਿਵਾਰ ਨੂੰ ਜਲਦ ਇਨਸਾਫ ਦਿਵਾਉਣ ਦੀ ਮੰਗ ਕੀਤੀ ਹੈ।

ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਰਿਵਾਰ ਨੂੰ ਇਨਸਾਫ ਨਾ ਦਿਵਾਇਆ ਗਿਆ ਤਾਂ ਅਕਾਲੀ ਦਲ ਇਸ ਪਰਿਵਾਰ ਲਈ ਹਰ ਲੜਾਈ ਲੜਨ ਲਈ ਤਿਆਰ ਹੈ। ਇਸ ਲਈ ਭਾਵੇਂ ਮਾਣਯੋਗ ਅਦਾਲਤ ਦਾ ਦਰਵਾਜ਼ਾ ਕਿਉਂ ਨਾ ਖੜਕਾਉਣਾ ਪਵੇ।

ਇਸ ਮੌਕੇ ਐੱਮਐੱਲਏ ਬਟਾਲਾ ਲਖਬੀਰ ਸਿੰਘ ਲੋਧੀਨੰਗਲ, ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਕੋਰ ਕਮੇਟੀ ਮੈਂਬਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਇਲਾਕੇ ਭਰ ਤੋਂ ਪੰਚ, ਸਰਪੰਚ ਤੇ ਚੇਅਰਮੈਨ ਆਦਿ ਹਾਜ਼ਰ ਸਨ।