ਸਟਾਫ ਰਿਪੋਰਟਰ, ਬਟਾਲਾ : ਬਟਾਲੇ ਅੰਦਰ ਸ਼ੁੱਧ ਸੋਨੇ ਦਾ ਗਹਿਣਾ ਮੌਜੂਦ ਹੈ, ਪਰ ਇਹ ਪਾਇਆ ਕਿਉਂ ਨਹੀਂ ਜਾ ਰਿਹਾ? ਇਸ ਮੁੱਦੇ 'ਤੇ ਵਿਚਾਰ ਕਰਨ ਲਈ ਸੋਮਵਾਰ ਨੂੰ ਬਟਾਲੇ ਦੇ ਸੂਝਵਾਨ ਨਾਗਰਿਕਾਂ ਦੀ ਬਟਾਲੇ ਅੰਦਰ ਸਥਿਤ ਪੰਜਾਬ ਟੈਕਨੀਕਲ 'ਵਰਸਿਟੀ ਦੇ ਕੈਂਪਸ ਦੀ ਸਥਿਤੀ 'ਤੇ ਵਿਚਾਰ ਕਰਨ ਲਈ, ਇਕ ਮੀਟਿੰਗ ਅਰਬਨ ਅਸਟੇਟ ਬਟਾਲਾ 'ਚ ਹੋਈ। ਸਿਆਣੇ ਕਹਿੰਦੇ ਹਨ ਕਿ ਜੇਕਰ ਸੋਨਾ ਕੋਲ ਹੋਵੇ, ਤਾਂ ਘੜਾਉਣਾ ਮਹਿੰਗਾ ਨਹੀਂ ਹੁੰਦਾ ਪਰ ਬਟਾਲੇ ਅੰਦਰ ਸਥਿਤੀ ਅਜਿਹੀ ਨਹੀਂ।

ਇਸ ਮੌਕੇ ਪੋ੍. ਸੁਖਵੰਤ ਸਿੰਘ ਗਿੱਲ ਨੇ ਦੱਸਿਆ ਕਿ ਇੱਥੇ 'ਵਰਸਿਟੀ ਕੈਂਪਸ ਦੇ ਰੂਪ ਵਿੱਚ ਘੜਿਆ ਪਿਆ ਸੋਨਾ ਮੌਜੂਦ ਹੈ ਪਰ ਇਸ ਕੈਂਪਸ ਵਿੱਚ, ਇਸ ਵੇਲੇ 'ਵਰਸਿਟੀ ਵੱਲੋਂ ਮਈ 2018 ਤੋਂ ਬਟਾਲੇ ਅੰਦਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਬਟਾਲਾ ਕੈਂਪਸ ਵਿੱਚ ਦਾਖਲਾ ਬੰਦ ਹੈ, ਅਤੇ ਇਸ ਮੀਟਿੰਗ ਵਿੱਚ ਦਾਖਲਾ ਬੰਦ ਕਰਨ 'ਤੇ ਡੂੰਘਾ ਅਫ਼ਸੋਸ ਪ੍ਰਗਟਾਇਆ ਗਿਆ। ਇਹ ਕੈਂਪਸ ਕਾਹਨੂੰਵਾਨ ਰੋਡ ਵਿਖੇ 2012-13 ਵਿੱਚ ਸ਼ੁਰੂ ਹੋਇਆ ਸੀ ਅਤੇ ਇਸ ਕੈਂਪਸ ਉੱਪਰ ਸਰਕਾਰ ਨੇ ਕਰੋੜਾਂ ਰੁਪਏ ਖਰਚ ਕੀਤੇ ਸਨ। ਇਸ ਕੈਂਪਸ ਵਿੱਚ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਨਾਂ ਦੀ ਸੰਸਥਾ 'ਚ ਇੰਜੀਨੀਅਰਿੰਗ ਦੇ ਇਲੈਕਟ੍ਰੋਨਿਕ, ਇਲੈਕਟਰੀਕਲ ਤੇ ਮਕੈਨੀਕਲ ਡਿਗਰੀ ਕੋਰਸ ਬਹੁਤ ਸਫਲਤਾ ਪੂਰਵਕ ਚੱਲ ਰਹੇ ਸਨ ਪਰ ਟੀਚਿੰਗ ਸਟਾਫ਼ ਅੰਮਿ੍ਤਸਰ ਤੇ ਜਲੰਧਰ ਤੋਂ ਆਉਂਦੇ ਸਨ। ਸਿੱਟਾ ਇਹ ਨਿਕਲਿਆ ਕਿ ਇਹ ਸਾਰੇ ਕੋਰਸ ਮਈ 2019 ਤੱਕ ਅੰਮਿ੍ਤਸਰ ਸ਼ਫਿਟ ਕਰ ਦਿੱਤੇ ਗਏ। ਇਸ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਇਹ ਕੈਂਪਸ ਨਿੱਜੀ ਤੌਰ 'ਤੇ ਵੇਖਿਆ ਜਾਵੇ। ਕੈਂਪਸ ਅੰਦਰ ਜਾ ਕੇ ਇਨਾਂ੍ਹ ਨਾਗਰਿਕਾਂ ਦੀ ਟੀਮ ਨੇ ਵੇਖਿਆ ਕਿ ਹੁਣ ਬਟਾਲੇ ਵਿੱਚਲੀ ਇਹ ਕਰੋੜਾਂ ਦੀ ਬਿਲਡਿੰਗ ਖਾਲੀ ਪਈ ਹੈ ਤੇ ਉੱਥੇ 'ਵਰਸਿਟੀ ਵੱਲੋਂ ਤਾਇਨਾਤ ਸੁਰੱਖਿਆ ਕਰਮਚਾਰੀਆਂ ਅਨੁਸਾਰ ਇਸ ਸੰਸਥਾ 'ਚ ਦਾਖ਼ਲਾ ਲੈਣ ਵਾਲੇ ਕਈ ਵਿਦਿਆਰਥੀ ਬੰਦ ਸੰਸਥਾ ਵੇਖ ਕੇ ਨਿਰਾਸ਼ ਹੋ ਕੇ ਵਾਪਸ ਘਰਾਂ ਨੂੰ ਮੁੜ ਜਾਂਦੇ ਹਨ।

ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਨੂੰ ਟੈਲੀਫੋਨ ਰਾਹੀਂ ਤਾਜ਼ਾ ਸਥਿਤੀ ਤੋਂ ਜਾਣੂ ਕਰਵਾਇਆ ਗਿਆ, ਜਿਸ ਦਾ ਉਨਾਂ੍ਹ ਨੇ ਬਹੁਤ ਹੀ ਹਾਂ-ਪੱਖੀ ਹੁੰਗਾਰਾ ਭਰਿਆ। ਮੀਟਿੰਗ ਵਿੱਚ ਇਹ ਵੀ ਫ਼ੈਸਲਾ ਹੋਇਆ ਕਿ ਜਲਦੀ ਹੀ ਇਸ ਸਬੰਧੀ ਇਕ ਵਫਦ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਮਿਲਣ ਲਈ ਜਾਵੇਗਾ, ਤਾਂ ਜੋ ਇਸ ਕੈਂਪਸ ਵਿੱਚ ਦੁਬਾਰਾ ਇਹ ਕੋਰਸ ਸ਼ੁਰੂ ਹੋ ਸਕਣ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਪੋ੍. ਸੁਖਵੰਤ ਸਿੰਘ ਗਿੱਲ, ਕੁਲਵੰਤ ਸਿੰਘ ਉਜਾਗਰ ਨਗਰ, ਗੁਰਪ੍ਰਹਿਲਾਦ ਸਿੰਘ ਗਰੇਟਰ ਕੈਲਾਸ਼, ਬਲਦੇਵ ਸਿੰਘ ਬਸਰਾ, ਸੁਖਮਿੰਦਰ ਸਿੰਘ ਉਜਾਗਰ ਨਗਰ, ਪਿਆਰਾ ਸਿੰਘ ਮਾਨਵ, ਜਸਵੰਤ ਸਿੰਘ ਅਤੇ ਵਿਜੇ ਕੁਮਾਰ ਟੋਨੀ ਵੀ ਹਾਜ਼ਰ ਸਨ।