ਵਿਨੈ ਕੋਛੜ, ਬਟਾਲਾ : ਬਟਾਲਾ ਪਟਾਕਾ ਫੈਕਟਰੀ ਧਮਾਕੇ ਦੇ ਮਾਮਲੇ 'ਚ ਚੰਡੀਗੜ੍ਹ ਤੋਂ ਫੌਰੈਂਸਿਕ ਰਿਪੋਰਟ ਬਟਾਲਾ ਦੇ ਐੱਸਐੱਸਪੀ ਕੋਲ ਪੁੱਜ ਗਈ ਹੈ। ਰਿਪੋਰਟ 'ਚ ਖ਼ੁਲਾਸਾ ਹੋਇਆ ਕਿ ਸਲਫਰ, ਪੋਟਾਸ਼ੀਅਮ ਤੇ ਨਾਈਟ੍ਰੋਜਨ ਦੀ ਵੱਧ ਮਾਤਰਾ ਕਾਰਨ ਭਿਆਨਕ ਧਮਾਕਾ ਹੋਇਆ ਸੀ।

ਉਧਰ, ਗੁਰਦਾਸਪੁਰ ਕੇਂਦਰੀ ਜੇਲ੍ਹ 'ਚ ਬੰਦ ਕੇਸ ਦੇ ਇਕਲੌਤੇ ਮੁਲਜ਼ਮ ਰੋਮੀ ਨੂੰ ਪੁਲਿਸ ਦੋਬਾਰਾ ਹਿਰਾਸਤ 'ਚ ਲੈ ਕੇ ਪੁੱਛਗਿੱਛ ਕਰ ਸਕਦੀ ਹੈ। ਇਸ ਤੋਂ ਪਹਿਲਾਂ ਬਟਾਲਾ ਪੁਲਿਸ ਨੇ ਰੋਮੀ ਨੂੰ ਚਾਰ ਦਿਨ ਦੇ ਰਿਮਾਂਡ 'ਤੇ ਲਿਆ ਸੀ ਪਰੰਤੂ ਉਸ ਦੌਰਾਨ ਰੋਮੀ ਕੋਲੋਂ ਕੋਈ ਵਿਸ਼ੇਸ਼ ਜਾਣਕਾਰੀ ਹਾਸਲ ਨਹੀਂ ਕੀਤੀ ਜਾ ਸਕੀ।

ਉਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਕੇਂਦਰੀ ਜੇਲ੍ਹ ਗੁਰਦਾਸਪੁਰ ਭੇਜ ਦਿੱਤਾ ਸੀ। ਹੁਣ ਪੁਲਿਸ ਨੂੰ ਉਮੀਦ ਹੈ ਕਿ ਫੌਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਰੋਮੀ ਕੋਲੋਂ ਉਨ੍ਹਾਂ ਨੂੰ ਕਈ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ। ਫਿਲਹਾਲ ਪੁਲਿਸ ਫੌਰੈਂਸਿਕ ਰਿਪੋਰਟ ਦੀਆਂ ਕੁਝ ਜਾਣਕਾਰੀਆਂ ਲੁਕਾ ਕੇ ਰੱਖ ਰਹੀ ਹੈ। ਅੰਦਾਜ਼ਾ ਇਹ ਵੀ ਲਾਇਆ ਜਾ ਰਿਹਾ ਹੈ ਕਿ ਥਾਣਾ ਸਿਵਲ ਲਾਈਨ ਪੁਲਿਸ ਅਗਲੇ ਹਫ਼ਤੇ ਰੋਮੀ ਨੂੰ ਟਰਾਂਜਿਟ ਰਿਮਾਂਡ 'ਤੇ ਲੈਣ ਲਈ ਅਦਾਲਤ 'ਚ ਅਰਜ਼ੀ ਦਾਇਰ ਕਰ ਸਕਦੀ ਹੈ।

ਐੱਸਐੱਸਪੀ ਨੇ ਪੜਤਾਲ ਲਈ ਬਣਾਈ ਟੀਮ

ਐੱਸਐੱਸਪੀ ਬਟਾਲਾ ਉਪਿੰਦਰਜੀਤ ਘੁੰਮਣ ਦਾ ਕਹਿਣਾ ਹੈ ਕਿ ਜਦੋਂ ਤਕ ਪੁਲਿਸ ਕੇਸ ਦੀ ਤਹਿ ਤਕ ਨਹੀਂ ਪੁੱਜ ਜਾਂਦੀ, ਉਦੋਂ ਤਕ ਪੂਰਾ ਖ਼ੁਲਾਸਾ ਨਹੀਂ ਕੀਤਾ ਜਾ ਸਕਦਾ। ਐੱਸਐੱਸਪੀ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ 'ਚ ਇਕ ਟੀਮ ਦਾ ਗਠਨ ਕੀਤਾ ਹੈ। ਇਸ ਵਿਚ ਡੀਐੱਸਪੀ (ਡੀ) ਲਖਵਿੰਦਰ ਸਿੰਘ, ਡੀਐੱਸਪੀ (ਸਿਟੀ) ਡਾ. ਬਾਲ ਕ੍ਰਿਸ਼ਨ ਸਿੰਗਲਾ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੀ ਡਿਊਟੀ ਲਾਈ ਗਈ ਹੈ ਕਿ ਉਹ ਪਤਾ ਕਰਨ ਕਿ ਫੈਕਟਰੀ ਮਾਲਕ ਕੋਲ ਏਨੀ ਵੱਡੀ ਮਾਤਰਾ 'ਚ ਸਲਫਰ, ਪੋਟਾਸ਼ੀਅਮ ਤੇ ਨਾਈਟ੍ਰੋਜਨ ਕਿੱਥੋਂ ਆਇਆ। ਜੇਕਰ ਉਹ ਸਹਿਯੋਗ ਨਹੀਂ ਦਿੰਦਾ ਤਾਂ ਉਸ ਨੂੰ ਹਿਰਾਸਤ 'ਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਦੂਜੀ ਰਿਪੋਰਟ 'ਤੇ ਟਿਕੀਆਂ ਨਜ਼ਰਾਂ

ਹਾਦਸੇ ਵਾਲੀ ਥਾਂ ਤੋਂ ਫੌਰੈਂਸਿਕ ਟੀਮ ਦੇ ਹੱਥ ਇਕ ਸ਼ੱਕੀ ਵਸਤੂ ਲੱਗੀ ਸੀ ਜਿਹੜੀ ਗੋਲ ਆਕਾਰ 'ਚ ਬਣੀ ਹੋਈ ਸੀ। ਉਸ ਸ਼ੱਕੀ ਚੀਜ਼ ਬਾਰੇ ਬੰਬ ਦੀ ਅਫ਼ਵਾਹ ਵੀ ਫੈਲੀ ਸੀ। ਟੀਮ ਨੇ ਉਸ ਨੂੰ ਕਬਜ਼ੇ 'ਚ ਲਿਆ ਸੀ, ਪਰੰਤੂ ਹਾਲੇ ਉਸ ਦੀ ਰਿਪੋਰਟ ਆਉਣੀ ਬਾਕੀ ਹੈ। ਪੁਲਿਸ ਨੂੰ ਉਮੀਦ ਹੈ ਕਿ ਬੰਬਨੁਮਾ ਵਸਤੂ ਦੀ ਰਿਪੋਰਟ ਦੇ ਅਧਾਰ 'ਤੇ ਕੇਸ ਦੀ ਗੁੱਥੀ ਸੁਲਝ ਸਕਦੀ ਹੈ। ਫਿਲਹਾਲ ਪੁਲਿਸ ਦੀਆਂ ਨਜ਼ਰਾਂ ਦੂਜੀ ਰਿਪੋਰਟ 'ਤੇ ਟਿਕੀਆਂ ਹੋਈਆਂ ਹਨ।