ਆਕਾਸ਼, ਗੁਰਦਾਸਪੁਰ : ਐੱਸਡੀਐੱਮ ਅਰਸ਼ਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸਹੂਲਤ ਨੂੰ ਦੇਖਦਿਆਂ 'ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਦੇ ਕਾਰਡ ਬਣਾ ਕੇ ਲੋਕਾਂ ਨੂੰ ਇਕ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈ। ਲਾਭਪਾਤਰੀ ਕਰਾਡ ਬਣਾ ਕੇ ਸਰਕਾਰ ਵੱਲੋਂ ਇੰਪੈਨਲਿਡ ਹਸਪਤਾਲਾਂ 'ਚ ਪ੍ਰਤੀ ਪਰਿਵਾਰ ਸਾਲਾਨਾ 5 ਲੱਖ ਰੁਪਏ ਦੇ ਨਕਦੀ ਰਹਿਤ ਮੁਫਤ ਇਲਾਜ ਕਰਵਾ ਸਕਦਾ ਹੈ। ਜ਼ਿਲ੍ਹਾ ਗੁਰਦਾਸਪੁਰ 'ਚ ਮਾਰਕੀਟ ਕਮੇਟੀਆਂ, ਕਾਮਨ ਸਰਵਿਸਿਜ਼ ਸੈਂਟਰਾਂ ਤੇ ਟਾਈਪ-1, ਟਾਈਪ-2, ਟਾਈਪ-3 ਸੇਵਾ ਕੇਂਦਰਾਂ ਵਿਖੇ ਕਾਰਡ ਬਣਾਉਣ ਦਾ ਕੰਮ ਲਗਾਤਾਰ ਜਾਰੀ ਹੈ।

ਐੱਸਡੀਐੱਮ ਨੇ ਦੱਸਿਆ ਕਿ ਕਿ ਜ਼ਿਲ੍ਹੇ ਦੇ ਜਿਹੜੇ ਵਸਨੀਕਾਂ ਕੋਲ ਸਮਾਰਟ ਰਾਸ਼ਨ ਕਾਰਡ, ਕਿਰਤ ਵਿਭਾਗ ਨਾਲ ਰਜਿਸਟਰਡ ਮਜ਼ਦੂਰ, ਜੇ ਫਾਰਮ ਧਾਰਕ ਕਿਸਾਨ, ਐਕਰੀਡੇਟਿਡ/ਪੀਲੇ ਕਾਰਡ ਧਾਰਕ ਪੱਤਰਕਾਰ, ਆਬਕਾਰੀ ਤੇ ਟੈਕਸ ਵਿਭਾਗ ਨਾਲ ਰਜਿਸਟਰਡ ਛੋਟੇ ਵਪਾਰੀ ਆਦਿ ਇਹ ਕਾਰਡ ਬਣਵਾ ਸਕਦੇ ਹਨ ਜਿਸਦੀ ਫੀਸ 30 ਰੁਪਏ ਪ੍ਰਤੀ ਕਾਰਡ ਹੈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਸਬੰਧੀ ਲਾਭਪਾਤਰੀਆਂ ਨੂੰ ਜਾਗਰੂਕ ਕਰਨ/ਜਾਣਕਾਰੀ ਦੇਣ ਲਈ ਵੱਖਰੇ ਤੌਰ ਤੇ ਮੋਬਾਈਲ ਵੈਨਾਂ ਵੀ ਚਲਾਈਆਂ ਗਈਆਂ ਹਨ। ਕਾਰਡ ਬਣਾਉਣ ਲਈ ਲਾਭਪਤਾਰੀ ਆਪਣੇ ਨਾਲ ਦਤਸਾਵੇਜ਼ ਜਿਵੇਂ ਕਿ ਆਧਾਰ ਕਾਰਡ, ਰਾਸ਼ਨ ਕਾਰਡ, (ਰਾਸ਼ਨ ਕਾਰਡ ਨਾ ਹੋਣ ਦੀ ਸੂਰਤ ਵਿਚ ਸੈਲਫ ਡੈਕਲਾਰੇਸ਼ਨ ਫੋਰਮ), ਲੇਬਰ ਵਿਭਾਗ ਤੋਂ ਜਾਰੀ ਕਾਰਡ, ਪੈਨ ਕਾਰਡ (ਪੱਤਰਕਾਰ ਪੀਲਾ/ਐਕਰਿਡਿਟੇਡ ਕਾਰਡ) ਆਦਿ ਨਾਲ ਲੈ ਕੇ ਆਉਣ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਰੋਮੀ ਰਾਜਾ ਮਹਾਜਨ ਡਿਪਟੀ ਮੈਡੀਕਲ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਅੱਜ ਕਾਹਨੂੰਵਾਨ ਵਿਖੇ ਲੋਕਾਂ ਨੂੰ ਸਿਹਤ ਬੀਮਾ ਕਾਰਡ ਬਣਾਉਣ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ। ਉਨਾਂ ਦੱਸਿਆ ਕਿ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਰੋਜਾਨਾਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਦੂਰ-ਦੁਰਾਡੇ ਜਾ ਕੇ ਕਾਰਡ ਨਾ ਬਣਾਉਣਾ ਪਵੇ। ਇਸ ਮੌਕੇ ਡਾ. ਸਾਹੀ ਮੈਡੀਕਲ ਅਫਸਰ, ਦਲੀਪ ਰਾਜ, ਲਖਵਿੰਦਰ ਸਿੰਘ, ਨਰਸਿੰਗ ਸਟਾਫ ਆਦਿ ਮੌਜੂਦ ਸਨ।