ਕੁਲਦੀਪ ਜਾਫਲਪੁਰ, ਕਾਹਨੂੰਵਾਨ: ਪੰਜਾਬ 'ਚ ਆਏ ਦਿਨ ਪੁਲਿਸ 'ਤੇ ਹਮਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਬੀਤੀ ਸ਼ਾਮ ਪੁਲਿਸ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਚੱਕ ਸ਼ਰੀਫ਼ ਵਿਖੇ ਵੀ ਇਕ ਧਿਰ ਵੱਲੋਂ ਝਗੜਾ ਰੋਕਣ ਗਈ ਪੁਲਿਸ ਪਾਰਟੀ 'ਤੇ ਹੀ ਹਮਲਾ ਕਰਨ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ ਤੇ ਪੁਲਿਸ ਵੱਲੋਂ ਦਰਜ ਕੀਤੇ ਮਾਮਲੇ ਮੁਤਾਬਕ ਪਿੰਡ ਚੱਕ ਸ਼ਰੀਫ਼ ਦੇ ਪਲਵਿੰਦਰ ਸਿੰਘ ਪੁੱਤਰ ਭਗਤ ਸਿੰਘ, ਕੁਲਵਿੰਦਰ ਸਿੰਘ ਪੁੱਤਰ ਭਗਤ ਸਿੰਘ ਦਾ ਜ਼ਮੀਨ ਨੂੰ ਲੈ ਕੇ ਕੋਈ ਰੇੜਕਾ ਸੀ ਜੋ ਨਿਬੜਦਾ ਨਾ ਦੇਖ ਕੇ ਪੁਲਿਸ ਵੱਲੋਂ ਦੋਹਾਂ ਪਾਰਟੀਆਂ ਦੀ 7/50 ਕਰ ਦਿੱਤੀ ਸੀ। ਬੀਤੇ ਦਿਨ ਫਿਰ ਪਲਵਿੰਦਰ ਸਿੰਘ ਧਿਰ ਵੱਲੋਂ ਝਗੜੇ ਵਾਲੇ ਖੇਤ ਵਿਚ ਜਾ ਕੇ ਦਖ਼ਲਅੰਦਾਜ਼ੀ ਸ਼ੁਰੂ ਕਰ ਦਿੱਤੀ ਤਾਂ ਮੌਕੇ 'ਤੇ ਕੁਲਵਿੰਦਰ ਸਿੰਘ ਧਿਰ ਨੇ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੂੰ ਸੂਚਿਤ ਕੀਤਾ।

ਜਦੋਂ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਪਾਰਟੀ ਏਐੱਸਆਈ ਰਾਮਪਾਲ ਦੀ ਅਗਵਾਈ ਵਿਚ ਮੌਕੇ 'ਤੇ ਪਹੁੰਚੀ ਤਾਂ ਪਲਵਿੰਦਰ ਸਿੰਘ ਅਤੇ ਉਸ ਦੇ ਲੜਕਿਆਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਏਐੱਸਆਈ ਰਾਮ ਲਾਲ ਨੂੰ ਗੰਭੀਰ ਸੱਟਾਂ ਵੱਜੀਆਂ। ਇਸ ਦੌਰਾਨ ਪੁਲਿਸ ਪਾਰਟੀ ਨੇ ਪਲਵਿੰਦਰ ਸਿੰਘ ਪੁੱਤਰ ਭਗਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਪੁਲਿਸ ਪਾਰਟੀ 'ਤੇ ਹਮਲਾ ਕਰਨ ਦੇ ਦੋਸ਼ਾਂ ਵਿਚ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਦੋਂ ਥਾਣਾ ਮੁਖੀ ਭੈਣੀ ਮੀਆਂ ਖਾਂ ਸੁਰਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਮਨਪ੍ਰੀਤ ਸਿੰਘ ਖ਼ਿਲਾਫ਼ 332, 353, 136 ਅਤੇ 34 ਆਈਪੀਸੀ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਗਿ੍ਫ਼ਤਾਰੀ ਪਾ ਲਈ ਗਈ ਹੈ। ਅਗਲੇਰੀ ਕਾਰਵਾਈ ਲਈ ਉਨ੍ਹਾਂ ਨੂੰ ਅਦਾਲਤ ਵਿਚ ਵੀ ਪੇਸ਼ ਕੀਤਾ ਗਿਆ ਹੈ।