ਆਕਾਸ਼, ਗੁਰਦਾਸਪੁਰ : ਅੰਮਿ੍ਤਸਰ ਵਿਜੀਲੈਂਸ ਦੀ ਟੀਮ ਨੇ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਵਿਚ ਤਾਇਨਾਤ ਏਐੱਸਆਈ ਹਰਜਿੰਦਰ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗੁਰਦਾਸਪੁਰ ਦੀ ਜੇਲ੍ਹ ਰੋਡ ਤੋਂ ਗਿ੍ਫ਼ਤਾਰ ਕੀਤਾ ਹੈ। ਫੜੇ ਗਏ ਏਐੱਸਆਈ ਨੇ 10 ਹਜ਼ਾਰ ਰੁਪਏ ਰਿਸ਼ਵਤ ਵਿਚੋਂ 5 ਹਜ਼ਾਰ ਰੁਪਏ ਥਾਣਾ ਮੁਖੀ ਦਾ ਹਿੱਸਾ ਦੱਸਿਆ, ਜਿਸ ਸਬੰਧੀ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ 29 ਜਨਵਰੀ 2020 ਨੂੰ ਸਰਬਜੀਤ ਸਿੰਘ ਵਾਸੀ ਪਿੰਡ ਮਟਮਾਂ ਅਤੇ ਮੁਨੀਸ਼ ਕੁਮਾਰ ਦਾ ਆਪਸ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਕਾਰਨ ਮੁਨੀਸ਼ ਨੇ ਸਰਬਜੀਤ ਸਿੰਘ ਖ਼ਿਲਾਫ਼ ਬਹਿਰਾਮਪੁਰ ਥਾਣੇ ਵਿਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ। ਸਰਬਜੀਤ ਨੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਹੈਲਪ ਲਾਈਨ ਨੰਬਰ 181 'ਤੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੀ ਜਾਂਚ ਦੋਬਾਰਾ ਤੋਂ ਬਹਿਰਾਮਪੁਰ ਥਾਣੇ ਨੂੰ ਸੌਂਪ ਦਿੱਤੀ ਗਈ। ਏਐੱਸਆਈ ਹਰਜਿੰਦਰ ਸਿੰਘ ਨੇ ਜਾਂਚ ਰਿਪੋਰਟ ਨੂੰ ਸਰਬਜੀਤ ਦੇ ਹੱਕ 'ਚ ਕਰਨ ਲਈ ਰਿਸ਼ਵਤ ਮੰਗੀ। ਇਸ ਬਾਰੇ ਸਰਬਜੀਤ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। ਉਪਰੰਤ ਅੰਮਿ੍ਤਸਰ ਦੀ ਵਿਜੀਲੈਂਸ ਟੀਮ ਨੇ ਪੂਰਾ ਟਰੈਪ ਲਾ ਕੇ ਉਸ ਨੂੰ ਗੁਰਦਾਸਪੁਰ ਦੇ ਜੇਲ੍ਹ ਰੋਡ 'ਤੇ ਸਰਕਾਰੀ ਗਵਾਹਾਂ ਦੇ ਵਿਚ ਗਿ੍ਫ਼ਤਾਰ ਕਰ ਲਿਆ ਹੈ।

ਉਧਰ, ਫੜੇ ਗਏ ਏਐੱਸਆਈ ਹਰਜਿੰਦਰ ਸਿੰਘ ਨੇ ਵਿਜੀਲੈਂਸ ਨੂੰ ਦਿੱਤੇ ਬਿਆਨ ਵਿਚ ਕਿਹਾ ਹੈ ਕਿ ਰਿਸ਼ਵਤ ਦੇ ਪੈਸਿਆਂ ਵਿਚੋਂ 5 ਹਜ਼ਾਰ ਰੁਪਏ ਥਾਣਾ ਮੁਖੀ ਦਾ ਵੀ ਹਿੱਸਾ ਹੈ, ਜਿਸ ਕਾਰਨ ਪੁਲਿਸ ਨੇ ਮੁਲਜ਼ਮ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਮੁਖੀ ਨੂੰ ਵੀ ਜਾਂਚ ਦੇ ਘੇਰੇ ਵਿਚ ਰੱਖਿਆ ਹੈ। ਫਿਲਹਾਲ ਥਾਣਾ ਮੁਖੀ ਆਪਣੇ ਕਿਸੇ ਨਿੱਜੀ ਕੰਮ ਦੇ ਚਲਦਿਆਂ ਥਾਣੇ ਵਿਚ ਮੌਜੂਦ ਨਹੀਂ ਹੈ।

ਇਕ ਹਫਤੇ 'ਚ ਦੂਜਾ ਮਾਮਲਾ

ਸਰਕਾਰੀ ਦਫਤਰਾਂ ਵਿਚ ਭਿ੍ਸ਼ਟਾਚਾਰ ਖ਼ਿਲਾਫ਼ ਵਿਜੀਲੈਂਸ ਵਿਭਾਗ ਦੀ ਇਕ ਹਫਤੇ ਵਿਚ ਇਹ ਦੂਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸਿਵਲ ਹਸਪਤਾਲ ਦੇ ਸਰਜਨ ਡਾਕਟਰ ਮਨਜੀਤ ਸਿੰਘ ਨੂੰ 20 ਹਜ਼ਾਰ ਰੁਪਏ ਲੈਂਦੇ ਹੋਏ ਗਿ੍ਫ਼ਤਾਰ ਕੀਤਾ ਹੈ।