ਭੋਲਾ ਸਿੰਘ ਮਾਨ, ਮੌੜ ਮੰਡੀ : ਪਿੰਡ ਮੌੜ ਚੜ੍ਹਤ ਸਿੰਘ ਦਾ ਫੌਜੀ ਜਵਾਨ ਸੰਦੀਪ ਸਿੰਘ ਪੁੱਤਰ ਜਗਤਾਰ ਸਿੰਘ ਜੰਮੂ-ਕਸ਼ਮੀਰ ਦੇ ਰਤਨੀਪੁਰਾ ਇਲਾਕੇ 'ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਪਿੰਡ ਵਾਸੀ ਬੂਟਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹੀਦ ਸੰਦੀਪ ਸਿੰਘ (23) ਮਾਪਿਆਂ ਦਾ ਇਕਲੌਤਾ ਪੁੱਤ ਅਤੇ ਦੋ ਭੈਣਾਂ ਦਾ ਭਰਾ ਸੀ। ਉਹ 10 ਫਰਵਰੀ ਨੂੰ ਛੁੱਟੀ ਪੂਰੀ ਕਰ ਕੇ ਵਾਪਸ ਆਪਣੀ ਡਿਊਟੀ 'ਤੇ ਗਿਆ ਸੀ। ਸੰਦੀਪ ਸਿੰਘ ਸੋਮਵਾਰ ਦੀ ਰਾਤ ਨੂੰ ਜੰਮੂ-ਕਸ਼ਮੀਰ ਦੇ ਰਤਨੀਪੁਰਾ ਇਲਾਕੇ 'ਚ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਸ਼ਹੀਦ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਪਿੰਡ ਮੌੜ ਚੜ੍ਹਤ ਸਿੰਘ ਵਾਲਾ ਵਿਖੇ ਹੋਵੇਗਾ।