ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਪੰਜ ਤਖ਼ਤਾਂ ਦੀ ਪੈਦਲ 4 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਭਾਈ ਜਗਜੀਤ ਸਿੰਘ ਨਿੱਜਰਪੁਰ ਨੇ ਅਹਿਮ ਪ੍ਰਗਟਾਵੇ ਕੀਤੇ ਹਨ। ਉਨ੍ਹਾਂ ਦੱਸਿਆ ਕਿ 1999 ਵਿਚ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਆਪਣੇ ਪਿੰਡ ਨਿੱਜਰਪੁਰਾ (ਬਲਾਕ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ) ਤੋਂ ਪੰਜ ਤਖ਼ਤਾਂ ਦੀ 4 ਹਜ਼ਾਰ ਕਿਲੋਮੀਟਰ ਲੰਮੀ ਪੈਦਲ ਯਾਤਰਾ 65 ਦਿਨਾਂ ਵਿਚ ਸੰਪੰਨ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਕਰਨ ਲਈ ਸ਼੍ਰੋਮਣੀ ਕਮੇਟੀ ਕੋਲੋਂ ਉਸ ਸਮੇਂ ਇਕ ਚਿੱਠੀ ਮੰਗੀ ਸੀ ਕਿ ਰਸਤੇ ਵਿਚ ਯਾਤਰਾ ਦੌਰਾਨ ਕੋਈ ਪਰੇਸ਼ਾਨੀ ਨਾ ਆਵੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਸਮੇਂ ਉਦੋਂ ਚਿੱਠੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ, ਜਿਸ ਦਾ ਸ਼ਿਕਵਾ ਰਹੇਗਾ। ਭਾਈ ਜਗਜੀਤ ਸਿੰਘ ਨੇ ਕਿਹਾ ਕਿ ਜਿੱਥੇ ਉਹ 22 ਸਾਲਾਂ ਤੋਂ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਵਿਸਾਖੀ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਆ ਰਹੇ ਹਨ। ਅਫ਼ਸੋਸ ਰਹੇਗਾ ਕਿ ਉਸ ਨੇ ਪੰਜ ਤਖ਼ਤਾਂ ਦੀ ਪੈਦਲ ਯਾਤਰਾ ਤਾਂ ਕੀਤੀ ਪਰ ਸ਼੍ਰੋਮਣੀ ਕਮੇਟੀ ਨੇ ਸਾਰ ਨਹੀਂ ਲਈ।

ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਕੇਸਗੜ੍ਹ ਤਖ਼ਤ, ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਤੋਂ ਇਲਾਵਾ ਸੀਸਗੰਜ ਦਿੱਲੀ, ਇੰਦੌਰ, ਮਥਰਾ, ਗਵਾਲੀਅਰ, ਆਗਰਾ, ਬਹਿਰਾਮਪੁਰ, ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਯੂਪੀ, ਮਹਾਰਾਸ਼ਟਰ, ਛੱਤੀਸਗੜ੍ਹ, ਝਾਰਖੰਡ, ਬਿਹਾਰ ਦੇ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਪੈਦਲ ਯਾਤਰਾ ਦੌਰਾਨ ਕੀਤੇ ਸਨ। ਉਹ ਰੋਜ਼ਾਨਾ 30 ਕਿਲੋਮੀਟਰ ਤੋਂ ਲੈ ਕੇ 55 ਕਿਲੋਮੀਟਰ ਤਕ ਸਫ਼ਰ ਕਰਦੇ ਰਹੇ ਸਨ। ਉਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਜਿਹੀ ਯਾਤਰਾ ਕਰਨ ਵਾਲਿਆਂ ਦਾ ਹੌਸਲਾ ਵਧਾਉਣ ਲਈ ਯਤਨ ਕਰਨੇ ਚਾਹੀਦੇ ਹਨ।

Posted By: Jagjit Singh