ਆਕਾਸ਼, ਗੁਰਦਾਸਪੁਰ : ਸੋਮਵਾਰ ਨੂੰ ਪਟਿਆਲਾ ਵਿਚ ਐੱਨਸੀਸੀ ਕੈਡਿਟਾਂ ਨੂੰ ਜਹਾਜ਼ ਉਡਾਉਣ ਦੀ ਟਰੇਨਿੰਗ ਦਿੰਦਿਆਂ ਏਅਰਕ੍ਰਾਫ਼ਟ ਦੇ ਕ੍ਰੈਸ਼ ਹੋਣ ਕਾਰਨ ਸ਼ਹੀਦ ਹੋਏ ਗਰੁੱਪ ਕੈਪਟਨ ਜੀਐੱਸ ਚੀਮਾ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿਖ਼ੇ ਸਸਕਾਰ ਕੀਤਾ ਗਿਆ। ਇਸ ਮੌਕੇ ਮਾਹੌਲ ਬੇਹੱਦ ਗਮਗ਼ੀਨ ਸੀ ਅਤੇ ਹਰ ਕਿਸੇ ਦੀਆਂ ਅੱਖਾਂ ਭਿੱਜੀਆਂ ਹੋਈਆਂ ਸਨ।


ਸ਼ਹੀਦ ਪਿਤਾ ਦੇ ਸਸਕਾਰ ਵਾਲੇ ਦਿਨ ਬੇਟੀ ਦੀ ਨੇਵੀ 'ਚ ਚੋਣ

ਇਸ ਦੌਰਾਨ ਇਕ ਵੱਡਾ ਇਤਫ਼ਾਕ ਵੀ ਹੋਇਆ। ਇਕ ਪਾਸੇ ਸ਼ਹੀਦ ਕੈਪਟਨ ਜੀਐੱਸ ਚੀਮਾ ਦਾ ਸਸਕਾਰ ਕੀਤਾ ਜਾ ਰਿਹਾ ਸੀ, ਦੂਜੇ ਪਾਸੇ ਉਨ੍ਹਾਂ ਦੀ 22 ਸਾਲਾ ਧੀ ਕੁੰਜਦੀਪ ਕੌਰ ਦੀ ਨੇਵੀ ਵਿਚ ਚੋਣ ਹੋਈ। ਕੁੰਜਦੀਪ ਨੇ ਮੰਗਲਵਾਰ ਨੂੰ ਪਟਿਆਲਾ ਪਹੁੰਚ ਕੇ ਸ਼ਹੀਦ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਅੱਜ ਸਸਕਾਰ ਵਾਲੇ ਦਿਨ ਉਸ ਦਾ ਦਿੱਲੀ ਵਿਚ ਮੈਡੀਕਲ ਹੋਇਆ ਜਿਸ ਵਿਚ ਪਾਸ ਹੋਣ ਤੋਂ ਬਾਅਦ ਉਸਦੀ ਨੇਵੀ ਵਿਚ ਚੋਣ ਹੋ ਗਈ। ਇਕ ਪਾਸੇ ਇਕ ਬੇਟੀ ਨੇ ਦੇਸ਼ ਹਿੱਤ ਨੂੰ ਪਹਿਲ ਦਿੰਦੇ ਹੋਏ ਸ਼ਹੀਦ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕੀਤਾ, ਕਿਉਂਕਿ ਉਸਦੇ ਪਿਤਾ ਹਮੇਸ਼ਾ ਕਹਿੰਦੇ ਸੀ,'ਤੂੰ ਫ਼ੌਜ ਵਿਚ ਅਫ਼ਸਰ ਬਣਨਾ ਹੈ।'


ਮੇਰੇ ਪੁੱਤ ਨੇ ਉਡਾਏ ਵੱਡੇ ਜਹਾਜ਼ : ਸ਼ਹੀਦ ਦੀ ਮਾਂ

ਸ਼ਹੀਦ ਦੀ ਮਾਤਾ ਸਰਬਜੀਤ ਕੌਰ ਨੇ ਨਮ ਅੱਖਾਂ ਨਾਲ ਦੱਸਿਆ ਕਿ ਨੌਕਰੀ ਦੌਰਾਨ ਉਸਦੇ ਪੁੱਤ ਨੇ ਬਹੁਤ ਜਹਾਜ਼ ਉਡਾਏ। ਕਈ ਵਾਰ ਜਹਾਜ਼ ਜਦੋਂ ਉਨ੍ਹਾਂ ਦੇ ਪਿੰਡ ਉਤੋਂ ਲੰਘਦਾ ਸੀ ਤਾਂ ਉਹ ਛੱਤ 'ਤੇ ਜਾ ਕੇ ਹੱਥ ਹਿਲਾ ਕੇ ਆਪਣੇ ਪੁੱਤ ਨੂੰ ਆਸ਼ੀਰਵਾਦ ਦਿੰਦੀ ਸੀ। ਉਨ੍ਹਾਂ ਕਿਹਾ ਕਿ ਉਹ ਜਨਵਰੀ ਵਿਚ ਆਇਆ ਸੀ ਅਤੇ ਉਨ੍ਹਾਂ ਨੂੰ ਇਕ ਕੋਟ ਲੈ ਕੇ ਦੇ ਗਿਆ ਸੀ।


ਪਿੰਡ 'ਚ ਬਣੇ ਸ਼ਹੀਦ ਦੇ ਨਾਂ ਦੀ ਯਾਦਗਾਰ : ਕੁੰਵਰ ਵਿੱਕੀ

ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਰਵਿੰਦਰ ਵਿੱਕੀ ਨੇ ਕਿਹਾ ਕਿ ਗਰੁੱਪ ਕੈਪਟਨ ਜੀਐੱਸ ਚੀਮਾ ਪਿੰਡ ਦਾ ਲਾਡਲਾ ਸੀ ਅਤੇ ਹਰ ਲੋੜਵੰਦ ਦੀ ਸਹਾਇਤਾ ਕਰਦੀ ਸੀ। ਅੱਜ ਉਸਦੀ ਸ਼ਹਾਦਤ 'ਤੇ ਪਿੰਡ ਹੀ ਨਹੀਂ, ਸਗੋਂ ਹਰੇਕ ਇਲਾਕਾ ਵਾਸੀ ਦੀ ਅੱਖ ਨਮ ਹੈ। ਉਨ੍ਹਾਂ ਨੇ ਸਰਕਾਰ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਗਰੁੱਪ ਕੈਪਟਨ ਜੀਐੱਸ ਚੀਮਾ ਦੀ ਸ਼ਹਾਦਤ ਦਾ ਸਤਿਕਾਰ ਕਰਦੇ ਹੋਏ ਪਿੰਡ ਵਿਚ ਉਨ੍ਹਾਂ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਮਿਲ ਸਕੇ।

ਫੁੱਟ-ਫੁੱਟ ਕੇ ਰੋਏ ਦੋਸਤ

ਸ਼ਹੀਦ ਗਰੁੱਪ ਕੈਪਟਨ ਜੀਐੱਸ ਚੀਮਾ ਨੇ ਸਿੱਖਿਆ ਸੈਨਿਕ ਸਕੂਲ ਕਪੂਰਥਲਾ ਤੋਂ ਹਾਸਲ ਕੀਤੀ ਸੀ। ਅੱਜ ਉਨ੍ਹਾਂ ਦੇ ਸਸਕਾਰ ਸਮੇਂ ਉਸਦੇ ਨਾਲ ਪੜ੍ਹੇ 20 ਦੋਸਤ ਫੁੱਟ-ਫੁੱਟ ਕੇ ਰੋ ਪਏ। ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਐੱਸਐੱਸ ਆਹਲੂਵਾਲੀਆ ਅਤੇ ਭੁਪਿੰਦਰ ਸਿੰਘ ਜੋ ਹੁਣ ਰਿਟਾਇਰਡ ਹੋ ਚੁੱਕੇ ਹਨ, ਨੇ ਜੀਐੱਸ ਚੀਮਾ ਬਾਰੇ ਦੱਸਿਆ ਕਿ ਉਹ ਬਹੁਤ ਹੀ ਹੋਣਹਾਰ ਵਿਦਿਆਰਥੀ ਅਤੇ ਉੱਚ ਕੋਟੀ ਦਾ ਬਾਕਸਰ ਸੀ। ਇਸ ਮੌਕੇ ਸ਼ਹੀਦ ਦੇ ਦੋਸਤ ਡਾ. ਦਲਜੀਤ ਸਿੰਘ ਚੌਹਾਨ, ਮੁਨੀਸ਼ ਰਹਿਲਾਨ, ਮਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਆਰਐੱਸ ਰਾਣਾ ਆਦਿ ਹਾਜ਼ਰ ਸਨ।

Posted By: Amita Verma