ਪਵਨ ਤੇ੍ਹਨ, ਬਟਾਲਾ

ਪੰਜਾਬ ਸਰਕਾਰ ਵੱਲੋਂ ਸਨਅਤੀ ਸ਼ਹਿਰ ਬਟਾਲਾ ਵਿਖੇ 27 ਫਰਵਰੀ, 2020 ਤੋਂ 2 ਮਾਰਚ, 2020 ਤੱਕ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਕਰਵਾਈ ਜਾ ਰਹੀ ਹੈ। ਦੁੱਧ ਚੋਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਹ ਪੰਜ ਰੋਜ਼ਾ ਸਮਾਗਮ ਬਟਾਲਾ ਦੀ ਨਿਊ ਅਰਬਨ ਅਸਟੇਟ (ਪੁਡਾ ਗਰਾਉਂਡ) ਵਿਖੇ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ, ਪਸ਼ੂਧਨ ਮਾਲਕਾਂ, ਵੈਟਰਨਰੀਜ, ਪੋਸ਼ਣ ਮਾਹਰ ਅਤੇ ਫੂਡ ਪ੍ਰਰੋਸੈਸਿੰਗ ਅਤੇ ਐਗਰੀ ਸਾਇੰਸ ਤੋਂ ਵੱਖ-ਵੱਖ ਭਾਈਵਾਲਾਂ ਲਈ ਇਸ ਵਿਸ਼ਾਲ ਸਮਾਰੋਹ ਦੇ 11ਵੇਂ ਅਡੀਸ਼ਨ ਦਾ ਆਯੋਜਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ 11ਵੀਂ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ 2020 ਪੰਜ ਦਿਨ ਚੱਲੇਗੀ। ਇਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹਨ ਅਤੇ ਨਾਲ ਹੀ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ। ਕੈਬਨਿਟ ਮੰਤਰੀ ਬਾਜਵਾ ਨੇ ਦੱਸਿਆ ਕਿ ਦੁੱਧ ਚੋਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਇਸਦੇ ਨਾਲ ਹੀ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਕਾਬਲਾ ਮਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸਾਹਤ ਕਰੇਗਾ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਇਸ ਸਾਲ ਦੁੱਧ ਚੋਆਈ ਦੇ ਮੁਕਾਬਲਿਆਂ ਦੇ ਜੇਤੂ ਲਈ ਇਨਾਮ ਦੀ ਰਾਸ਼ੀ ਵਧਾਈ ਗਈ ਹੈ। ਬਾਜਵਾ ਨੇ ਕਿਹਾ ਕਿ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ 2020 ਦੌਰਾਨ ਤਕਨੀਕੀ ਸੈਸ਼ਨ ਵੀ ਕਰਵਾਏ ਜਾਣਗੇ। ਇਨ੍ਹਾਂ ਸੈਮੀਨਾਰ ਵਿੱਚ ਨਾਮਵਰ ਅਕਾਦਮਿਕ, ਵਿਗਿਆਨੀ, ਨੀਤੀ ਘਾੜੇ ਅਤੇ ਹੋਰ ਮਾਹਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਨੂੰ ਸਾਂਝਾ ਕਰਨ ਵਾਲੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਤ ਕਰਨਗੇ ਜੋ ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਈ ਹੋਣਗੇ। ਮੁੱਖ ਸੈਸ਼ਨ ਵੱਖ-ਵੱਖ ਮੁੱਦਿਆਂ 'ਤੇ ਆਯੋਜਿਤ ਕੀਤੇ ਜਾਣਗੇ ਜਿੰਨਾਂ ਵਿਚ ਪਹਿਲੇ ਦਿਨ ਵੇਅ ਫਾਰਵਰਡ ਇੰਨ ਪਿਗ ਐਂਡ ਗੋਟ ਫਾਰਮਿੰਗ, ਦੂਜੇ ਦਿਨ ਡੇਅਰੀ ਫਾਰਮਿੰਗ ਦਾ ਭਵਿੱਖ ਮੱਝ, ਦੇਸੀ ਗਾਂ ਅਤੇ ਵਿਦੇਸ਼ੀ ਪਸ਼ੂ, ਉੱਦਮਤਾ ਵਿਕਾਸ ਅਤੇ ਵਿੱਤ, ਪਸ਼ੂਧਨ ਖੇਤਰ ਵਿਚ ਨਿਵੇਸ਼ ਵਿਸ਼ੇ 'ਤੇ ਸ਼ੈਸ਼ਨ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤੀਜੇ ਦਿਨ 'ਕਿਸਾਨਾਂ ਦੀ ਵਧ ਰਹੀ ਆਮਦਨੀ ਐੱਫਪੀਓਐਸ ਅਤੇ ਮਾਰਕੀਟਿੰਗ ਦੀ ਭੂਮਿਕਾ', 'ਐਕੂਆ ਕਲਚਰ ਅਤੇ ਏਕੀਕਿ੍ਤ ਖੇਤੀ' ਅਤੇ 'ਕਨਵਰਜੈਂਸ ਇੰਨ ਐਨੀਮਲ ਹਸਬੈਂਡਰੀ ਐਕਸ਼ਟੈਂਸ਼ਨ' ਬਾਰੇ ਸੈਸਨ, ਚੌਥੇ ਦਿਨ 'ਵਨ-ਹੈਲਥ ਐਂਡ ਐਨੀਮਲ ਵੈਲਫੇਅਰ ਅਤੇ ਆਖਰੀ ਦਿਨ ਵਿਦਾਇਗੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ। ਬਾਜਵਾ ਨੇ ਕਿਹਾ ਕਿ ਇਸ ਮੇਲੇ ਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ ਅਤੇ ਬਟਾਲਾ ਵਿਖੇ ਹੋਣ ਵਾਲੀ ਇਹ ਰਾਸ਼ਟਰੀ ਪਸੂਧਨ ਚੈਂਪੀਅਨਸ਼ਿਪ ਅਤੇ ਐਕਸਪੋ ਯਾਦਗਾਰੀ ਹੋਵੇਗੀ।

ਕੈਬਨਿਟ ਮੰਤਰੀ ਬਾਜਵਾ ਨੇ ਸੂਬੇ ਭਰ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ 27 ਫਰਵਰੀ ਤੋਂ 2 ਮਾਰਚ ਤੱਕ ਬਟਾਲਾ ਵਿਖੇ ਰਾਸ਼ਟਰੀ ਪਸੂਧਨ ਚੈਂਪੀਅਨਸ਼ਿਪ ਅਤੇ ਐਕਸਪੋ ਵਿੱਚ ਭਾਗ ਜਰੂਰ ਲੈਣ। ਉਨ੍ਹਾਂ ਕਿਹਾ ਕਿ ਰਾਸ਼ਟਰੀ ਪਸ਼ੂ-ਧੰਨ ਚੈਂਪੀਅਨਸ਼ਿਪ ਅਤੇ ਐਕਸਪੋ ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ।