ਸੁਖਦੇਵ ਸਿੰਘ, ਬਟਾਲਾ : ਕੋਵਿਡ-19 ਮਹਾਂਮਾਰੀ ਦੇ ਖੇਤੀਬਾੜੀ ਅਤੇ ਕਿਸਾਨਾਂ ਤੇ ਪੈ ਰਹੇ ਆਰਥਿਕ ਪ੍ਰਭਾਵ ਨੂੰ ਘੱਟ ਕਰਨ ਲਈ ਤੇ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋਂ ਇਕ ਕਿੱਲੋ, ਦੋ ਕਿੱਲੋ ਅਤੇ ਪੰਜ ਕਿੱਲੋ ਖੰਡ ਦੇ ਪੈਕਟ ਫੂਡ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਨੂੰ ਗਰੀਬ ਤੇ ਲੋੜਵੰਦ ਜਨਤਾ ਵਿਚ ਵੰਡਣ ਵਾਸਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ ਸ਼ੂਗਰ ਮਿੱਲ ਬਟਾਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮਿਲ ਏਰੀਏ ਦੇ ਗੰਨਾ ਕਾਸ਼ਤਕਾਰਾਂ ਨੂੰ ਵਧੀਆ ਕਿਸਮਾਂ ਦੇ ਗੰਨੇ ਦੇ ਸ਼ੁੱਧ ਬੀਜ ਗੰਨਾ ਪਰਜਨਣ ਖੋਜ ਕੇਂਦਰ ਕੋਇੰਮਬਾਟੂਰ ਦੇ ਖੇਤਰੀ ਕੇਂਦਰ ਕਰਨਾਲ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਕੇਂਦਰ ਕਪੂਰਥਲਾ ਤੋਂ ਮੰਗਵਾ ਕੇ ਉਪਲੱਭਧ ਕਰਵਾਏ ਗਏ ਹਨ। ਇਸ ਤੋਂ ਇਲਾਵਾ ਮਿੱਲ ਵੱਲੋਂ ਸ਼ੁੱਧ ਕਿਸਮਾਂ ਦੇ ਗੰਨੇ ਦੀ ਪਨੀਰੀ ਤਿਆਰ ਕਰਕੇ ਸੀਡ ਨਰਸਰੀ ਤਿਆਰ ਕਰਨ ਲਈ ਜਿਮੀਂਦਾਰਾਂ ਨੂੰ ਬਿਨਾਂ ਕਿਸੇ ਲਾਗਤ ਤੋਂ ਦੇਣ ਦੀ ਸ਼ੁਰੂਆਤ ਪਿਛਲੇ ਦਿਨੀਂ ਸਹਿਕਾਰਤਾ ਤੇ ਜੇਲ੍ਹਾ ਮੰਤਰੀ ਪੰਜਾਬ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਕੀਤੀ ਗਈ ਸੀ ਅਤੇ ਜਿਸ ਦੀ ਬਿਜਾਈ ਜਿਮੀਂਦਾਰਾਂ ਵੱਲੋਂ ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ਵਿਚ ਕੀਤੀ ਜਾਵੇਗੀ।ਇਸੇ ਤਰ੍ਹਾਂ ਸਰਕਾਰ ਵੱਲੋਂ ਜਾਰੀ ਕੀਤੀ ਗਈ ਗੰਨੇ ਦੀ ਕੀਮਤ ਦੀ 50 ਕਰੋੜ ਰੁਪਏ ਦੀ ਅਦਾਇਗੀ ਪਿਛਲੇ ਦਿਨੀ ਜਿੰਮੀਦਾਰਾਂ ਦੇ ਬੈਂਕ ਖਾਤਿਆਂ ਵਿਚ ਪਾਈ ਗਈ ਹੈ। ਮਿੱਲ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਸੁਰੱਖਿਆ ਵਾਸਤੇ ਮੁਹੱਈਆ ਕਰਵਾਏ ਗਏ ਹਨ। ਇਸ ਮੌਕੇ ਜਨਰਲ ਮੈਨੇਜਰ ਡਾ. ਐੱਸਪੀ ਸਿੰਘ ਅਤੇ ਹੋਰ ਅਫ਼ਸਰ ਵੀ ਮੌਜੂਦ ਸਨ।