ਸੁਖਦੇਵ ਸਿੰਘ, ਬਟਾਲਾ : ਕੋਰੋਨਾ ਦੀ ਮਾਰ ਤੋਂ ਇਲਾਵਾ ਕਿਸਾਨਾਂ ਨੂੰ ਮੌਸਮ ਦੀ ਮਾਰ ਪਈ ਹੈ ਜਿਸ ਨਾਲ ਇਸ ਵਾਰ ਕਣਕ ਦਾ ਝਾੜ ਕਾਫੀ ਕੱਟ ਗਿਆ ਹੈ ਤੇ ਕਿਸਾਨਾਂ ਦੀ ਵਿੱਤੀ ਸਥਿਤੀ ਢਹਿ ਢੇਰੀ ਹੋ ਗਈ ਹੈ। ਇਸ ਵੇਲੇ ਕਿਸਾਨਾਂ ਨੂੰ ਜਿੱਥੇ ਝੋਨੇ ਦੀ ਲਵਾਈ ਲਈ ਸਾਹਮਣੇ ਖੜ੍ਹੀਆਂ ਪਰੇਸ਼ਾਨੀਆਂ ਸਤਾ ਰਹੀਆਂ ਹਨ ਉੱਥੇ ਨਾਲ ਹੀ ਝੋਨੇ ਦੇ ਬੀਜਾਂ ਰਾਹੀਂ ਲੁੱਟ ਕੀਤੀ ਜਾ ਰਹੀ ਹੈ। ਇਸ ਮੌਕੇ ਝੋਨੇ ਦੇ ਬੀਜਾਂ 'ਚ ਕਾਲਾਬਾਜ਼ਾਰੀ ਸਿਖ਼ਰਾਂ 'ਤੇ ਹੈ ਭਾਵੇਂ ਕੇ ਪੰਜਾਬ ਖੇਤੀਬਾੜੀ ਮਹਿਕਮੇ ਵੱਲੋਂ ਇਸ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ ਪਰ ਫਿਰ ਵੀ ਝੋਨੇ ਦੇ ਬੀਜਾਂ ਦੇ ਰੇਟ 'ਚ ਇਕਸਾਰਤਾ ਨਾ ਹੋਣ ਕਰਕੇ ਕਿਸਾਨਾਂ ਨੂੰ ਮਾਰ ਪੈ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਕਿਸਾਨ ਨਿਰਮਲਜੀਤ ਸਿੰਘ ਮਰੜ ਤੇ ਹਰਵਿੰਦਰ ਸਿੰਘ ਹੈਪੀ ਨੇ ਦੱਸਿਆ ਕਿ ਝੋਨੇ ਦੇ ਬੀਜਾਂ ਦੇ ਰੇਟ 'ਚ ਬੀਜ ਵੇਚਣ ਵਾਲੀਆਂ ਕੰਪਨੀਆਂ ਨੇ ਅੰਨੀ ਲੁੱਟ ਮਚਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦਾ ਬੀਜ 50 ਰੁਪਏ ਤੋਂ ਲੈ ਕੇ 200 ਤੋਂ ਵੀ ਵੱਧ ਵਿੱਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀਆਰ-121 ਦਾ ਰੇਟ 50 ਰੁਪਏ ਪ੍ਰਤੀ ਕਿਲੋ ਹੈ ਜਦ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਖੋਜ ਕੀਤਾ ਨਵਾ ਬੀਜ ਪੀਆਰ-129 ਦਾ ਰੇਟ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲ ਰਿਹਾ ਹੈ। ਇਸ ਤੋਂ ਇਲਾਵਾ ਸ਼ਾਵਾ-134, 127 ਦਾ ਤਿੰਨ ਕਿਲੋ ਬੀਜ 1 ਹਜ਼ਾਰ ਤੋਂ 1100 ਰੁਪਏ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉੱਧਰ ਲੋਕ ਇਨਸਾਫ ਪਾਰਟੀ ਦੇ ਹਲਕਾ ਬਟਾਲਾ ਦੇ ਪ੍ਰਧਾਨ ਵਿਜੇ ਤੇ੍ਹਨ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਝੋਨੇ ਦੇ ਬੀਜਾਂ ਦੀ ਕਾਲਾਬਾਜ਼ਾਰੀ ਰੋਕਣ ਲਂਈ ਪੱਤਰ ਲਿਖਿਆ ਹੈ ਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਤੌਰ ਤੇ ਬੀਜਾਂ ਦੇ ਰੇਟ ਤੈਅ ਕੀਤੇ ਜਾਣ।

ਇਸ ਸਬੰਧੀ ਖੇਤੀਬਾੜੀ ਅਫਸਰ ਬਟਾਲਾ ਡਾ. ਕਵਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰੈਗੂਲਰ ਬੀਜ ਵਾਲੀਆਂ ਦੁਕਾਨਾਂ ਦੀ ਚੈਕਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਜਾਂ ਦੇ ਰੇਟ ਪ੍ਰਰਾਈਵੇਟ ਬੀਜ ਤਿਆਰ ਕਰਨ ਵਾਲੀਆਂ ਫਰਮਾਂ ਨਿਰਧਾਰਿਤ ਕਰਦਿਆਂ ਹਨ ਪਰ ਮਹਿਕਮਾ ਉਸ ਉਪਰ ਪੂਰੀ ਨਜ਼ਰ ਰਖਦਾ ਹੈ ਫਿਰ ਵੀ ਜੇਕਰ ਕਿਸਾਨਾਂ ਕੋਲੋਂ ਕਿਤੇ ਵੱਧ ਰੇਟ ਲਿਆ ਜਾ ਰਿਹਾ ਹੈ ਤੇ ਉਹ ਜਾਂਚ ਕਰਕੇ ਸਖ਼ਤ ਕਾਰਵਾਈ ਕਰਨਗੇ।