ਕੁਲਦੀਪ ਜਾਫਲਪੁਰ, ਕਾਹਨੂੰਵਾਨ : ਹਾੜੀ ਦੀ ਮੁੱਖ ਫ਼ਸਲ ਝੋਨੇ ਦੀ ਬਿਜਾਈ ਪੰਜਾਬ ਸਰਕਾਰ ਵੱਲੋਂ 10 ਜੂਨ ਤੋਂ ਕਰਨ ਦਾ ਐਲਾਨ ਕੀਤਾ ਹੋਇਆ ਹੈ ਕਿਉਂਕਿ ਧਰਤੀ ਹੇਠ ਹੇਠਲੇ ਪਾਣੀ ਤੋਂ ਇਲਾਵਾ ਪਾਣੀ ਦੇ ਸੋਮਿਆਂ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਅਗੇਤਾ ਝੋਨਾ ਲਗਾਉਣ ਤੋਂ ਮਨਾਹੀ ਕੀਤੀ ਹੋਈ ਹੈ। ਇਸ ਹਾਲਾਤ 'ਚ ਪੰਜਾਬ ਅੰਦਰ ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਖੁਸ਼ਕ ਖੇਤਾਂ 'ਚ ਝੋਨੇ ਦੀ ਸਿੱਧੀ ਬਿਜਾਈ ਡਰਿੱਲ ਨਾਲ ਕੀਤੀ ਜਾ ਰਹੀ ਹੈ। ਅੱਜ ਜਦੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਜਾਗੋਵਾਲ ਬੇਟ ਰੰਧਾਵਾ ਕਾਲੋਨੀ ਤੇ ਗੁੰਨੋਪੁਰ ਵਿੱਚ ਵਿਚਰਨ ਦਾ ਮੌਕਾ ਮਿਲਿਆ ਤਾਂ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਦੇ ਨਜ਼ਰ ਆਏ। ਇਸ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਤਰਸੇਮ ਸਿੰਘ, ਕਿਸਾਨ ਗੁਰਪ੍ਰਤਾਪ ਸਿੰਘ ਅਤੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਨਵੇਂ ਤਜਰਬੇ ਨੂੰ ਅਜਮਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਇਸ ਤਜਰਬੇ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਹੁੰਦੀ ਹੈ ਉਸ ਦੇ ਨਾਲ ਨਾਲ ਫ਼ਸਲ ਵੀ ਚੋਖਾ ਝਾੜ ਦਿੰਦੀ ਹੈ। ਇਸ ਤੋਂ ਇਲਾਵਾ ਮਜ਼ਦੂਰੀ ਦੀਆਂ ਦੇ ਵਧੇ ਖਰਚੇ ਅਤੇ ਮਜ਼ਦੂਰਾਂ ਦੀ ਕਿੱਲਤ ਤੋਂ ਵੀ ਛੁਟਕਾਰਾ ਮਿਲਦਾ ਹੈ। ਕਿਸਾਨਾਂ ਨੇ ਦੱਸਿਆ ਕਿ ਪ੍ਰਤੀ ਏਕੜ ਸੱਤ ਤੋਂ ਅੱਠ ਕਿੱਲੋ ਬੀਜ ਸਿੱਧੀ ਬਿਜਾਈ ਲਈ ਡਰਿੱਲ ਰਾਹੀਂ ਖੇਤ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਲੋੜੀਂਦੀ ਖਾਦ ਅਤੇ ਹੋਰ ਬੀਜ ਸੋਧ ਨੂੰ ਦਾ ਮਾਮੂਲੀ ਖਰਚਾ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਡਰਿਲ ਨਾਲ ਬਿਜਾਈ ਦਾ ਖਰਚਾ ਵੀ 100 ਤੋਂ 1500 ਰੁਪਏ ਦਰਮਿਆਨ ਹੀ ਹੈ। ਇਸ ਮੌਕੇ ਬਿਜਾਈ ਕਰ ਰਹੇ ਟਰੈਕਟਰ ਅਤੇ ਟਰਾਲੀ ਦੇ ਮਾਲਕ ਗੁਰ ਮਿਲਾਪ ਸਿੰਘ ਬੋਪਾਰਾਏ ਨੇ ਕਿਹਾ ਕਿ ਪਿਛਲੇ ਸਾਲਾਂ ਵਿੱਚ ਸਿੱਧੀ ਬਿਜਾਈ ਦਾ ਕਿਸਾਨਾਂ ਵਿਚ ਰੁਝਾਨ ਬਹੁਤ ਘੱਟ ਸੀ। ਪਰ ਇਸ ਸਾਲ ਇਹ ਰੁਝਾਨ 50 ਫੀਸਦੀ ਤੱਕ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਗੁਣਵੱਤਾ ਵੀ ਵਧੀਆ ਰਹੇਗੀ ਅਤੇ ਫਸਲ ਦੀ ਕਟਾਈ ਵੇਲੇ ਵੀ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਹੈ। ਇਸ ਸਬੰਧੀ ਜਦੋਂ ਖੇਤੀ ਭਾਗ ਦੇ ਅਧਿਕਾਰੀ ਸੁਰਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਬਹੁਤ ਸਾਲ ਪਹਿਲਾਂ ਤੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰਰੇਰਿਤ ਕਰ ਰਿਹਾ ਹੈ। ਜੇਕਰ ਕਿਸਾਨ ਹੁਣ ਇਸ ਰੁਝਾਨ ਵਿੱਚ ਆ ਰਹੇ ਹਨ ਤਾਂ ਪੰਜਾਬ ਦੀ ਪੰਜਾਬ ਦੀ ਖੇਤੀ ਅਤੇ ਕੁਦਰਤੀ ਸੋਮਿਆਂ ਲਈ ਸ਼ੁੱਭ ਸ਼ਗਨ ਹੈ।