ਕੁਲਦੀਪ ਜਾਫਲਪੁਰ, ਕਾਹਨੂੰਵਾਨ : ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਝੰਡਾ ਗੁੱਜਰਾਂ ਨੇੜਿਓਂ ਇਕ ਅੱਧ ਸੜੀ ਲਾਸ਼ ਐਤਵਾਰ ਨੂੰ ਬਰਾਮਦ ਹੋਈ ਸੀ। ਜਿਸ ਦੇ ਚਲਦਿਆਂ ਪੁਲਿਸ ਪ੍ਰਸ਼ਾਸਨ ਤੇ ਆਮ ਲੋਕਾਂ ਲਈ ਵੱਡੀ ਚਰਚਾ ਦਾ ਵਿਸ਼ਾ ਬਣ ਗਈ ਸੀ। ਇਸ ਮਾਮਲੇ ਵਿਚ ਇਕ ਮਾਂ ਵੱਲੋਂ ਆਪਣੇ ਹੀ ਸਕੇ ਪੁੱਤਰ ਨੂੰ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਕਤਲ ਕਰਨ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਸੀ।

ਜਿਸਦੇ ਚਲਦਿਆਂ ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਇਸ ਮੁਲਜ਼ਮ ਮਾਂ ਅਤੇ ਉਸਦੇ ਇਕ ਸਾਥੀ ਨੂੰ ਗਿ੍ਫ਼ਤਾਰ ਕਰ ਲਿਆ ਸੀ। ਜਦਕਿ ਉਨ੍ਹਾਂ ਦਾ ਤੀਜਾ ਸਾਥੀ ਗੁਰਜੀਤ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਚੱਕ ਸ਼ਰੀਫ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਥਾਣਾ ਕਾਹਨੂੰਵਾਨ ਦੀ ਪੁਲਿਸ ਵੱਲੋਂ ਇਸ ਤੀਜੇ ਨੌਜਵਾਨ ਨੂੰ ਵੀ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਕਾਹਨੂੰਵਾਨ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਪੁਲਿਸ ਇਸ ਤੀਸਰੇ ਮੁਲਜ਼ਮ ਦੀ ਵੀ ਗੰਭੀਰਤਾ ਨਾਲ ਭਾਲ ਕਰ ਰਹੀ ਸੀ। ਜਿਸ ਨੂੰ ਐੱਸਐੱਚਓ ਸੁਰਿੰਦਰਪਾਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਬੀਤੇ ਦਿਨ ਚੱਕ ਸ਼ਰੀਫ ਨੇੜੇ ਗਿ੍ਫ਼ਤਾਰ ਕਰ ਲਿਆ ਗਿਆ ਹੈ।

ਗਿ੍ਫ਼ਤਾਰ ਕੀਤੇ ਗਏ ਗੁਰਜੀਤ ਸਿੰਘ ਨੂੰ ਵੀ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਲਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਮੁਲਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ ਹੈ ਪਰ ਉਨ੍ਹਾਂ ਦੀ ਰਿਪੋਰਟ ਆਉਣ 'ਤੇ ਹੀ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ।

Posted By: Jagjit Singh