ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਇਤਿਹਾਸਕ ਕਸਬਾ ਕਲਾਨੌਰ ਵਿਖੇ ਕੇਂਦਰ ਸਰਕਾਰ ਵੱਲੋਂ ਕਰੀਬ ਚਾਰ ਸਾਲ ਪਹਿਲਾਂ ‘ਸਵਦੇਸ਼ ਦਰਸ਼ਨ’ ਸਕੀਮ ਤਹਿਤ ਕਲਾਨੌਰ ਦੇ ਇਤਿਹਾਸਕ ਸਥਾਨਾਂ ਪ੍ਰਾਚੀਨ ਸ਼ਿਵ ਮੰਦਰ, ਬਾਬਾ ਬੰਦਾ ਸਿੰਘ ਬਹਾਦਰ ਤੇ ਮੁਗਲ ਸਮਰਾਟ ਜਲਾਲੁੱਦੀਨ ਮੁਹੰਮਦ ਅਕਬਰ ਦੀ ਤਾਜਪੋਸ਼ੀ ਵਾਲੇ ਤਖ਼ਤ ਲਈ ਜਾਰੀ ਕੀਤੀ 7 ਕਰੋੜ ਦੀ ਰਾਸ਼ੀ ’ਚੋਂ ਕਰੀਬ ਪੌਣੇ ਦੋ ਕਰੋੜ ਦੀ ਲਾਗਤ ਨਾਲ ਸੈਰ-ਸਪਾਟਾ ਵਿਭਾਗ ਪੰਜਾਬ ਦੀ ਦੇਖ-ਰੇਖ ਹੇਠ ਅਕਬਰੀ ਤਖ਼ਤ ਨੇੜੇ ਆਲੀਸ਼ਾਨ ਪਾਰਕਿੰਗ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਕਬਰ ਦੀ ਤਾਜਪੋਸ਼ੀ ਤਖ਼ਤ ਨਾਲ ਬਣਾਈ ਜਾ ਰਹੀ ਪਾਰਕਿੰਗ ਨੂੰ ਵਿਸਾਖੀ ਮੌਕੇ ਸੈਲਾਨੀਆਂ ਨੂੰ ਸਮਰਪਿਤ ਕੀਤਾ ਜਾ ਸਕਦਾ ਹੈ ਜਿਸ ਲਈ ਜੰਗੀ ਪੱਧਰ ’ਤੇ ਕੰਮ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਅਗਸਤ 2018 ਨੂੰ ‘ਸਵਦੇਸ਼ ਦਰਸ਼ਨ’ ਯੋਜਨਾ ਤਹਿਤ ਪੰਜਾਬ ਦੇ 28 ਇਤਿਹਾਸਕ ਸਥਾਨਾਂ ਲਈ ਮੋਟੀ ਗ੍ਰਾਂਟ ਜਾਰੀ ਕੀਤੀ ਸੀ ਜਿਸ ਤਹਿਤ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਰ, ਬਾਬਾ ਬੰਦਾ ਸਿੰਘ ਬਹਾਦਰ ਗੁਰੂਦੁਆਰਾ ਸਾਹਿਬ ਤੇ ਮੁਗਲ ਸਮਰਾਟ ਜਲਾਲੁੱਦੀਨ ਮੁਹੰਮਦ ਅਕਬਰ ਦੇ ਤਖ਼ਤ ਲਈ 7 ਕਰੋੜ ਰੁਪਏ ਗ੍ਰਾਂਟ ਭੇਜੀ ਗਈ ਸੀ। ਪ੍ਰਾਚੀਨ ਸ਼ਿਵ ਮੰਦਰ ਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੁਰੂਦੁਆਰਾ ਸਾਹਿਬ ਦੇ ਨਜ਼ਦੀਕ ਦੋ ਪਾਰਕਿੰਗਾਂ ਦਾ ਨਿਰਮਾਣ ਕਰੀਬ ਦੋ ਸਾਲ ਪਹਿਲਾਂ ਹੋ ਚੁੱਕਾ ਸੀ। ਅਕਬਰ ਦੇ ਤਖ਼ਤ ਨੇੜੇ ਪੌਣੇ ਦੋ ਕਰੋੜ ਰੁਪਏ ਦੀ ਨਾਲ ਪਾਰਕਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਜਿਸ ’ਚ ਸੈਲਾਨੀਆਂ ਲਈ ਗੁਸਲਖਾਨੇ, ਪਖਾਨੇ ਬਣਾਉਣ ਤੋਂ ਇਲਾਵਾ ਪਾਰਕਿੰਗ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਤੋਂ ਇਲਾਵਾ ਪਾਣੀ ਦੀਆਂ ਅੰਡਰ ਗਰਾਊਂਡ ਪਾਈਪ ਲਾਈਨਾਂ ਤੇ ਬਿਜਲੀ ਦੀ ਅੰਡਰਗਰਾਊਂਡ ਸਪਲਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪਾਰਕਿੰਗ ’ਚ 37 ਵੱਡੀਆਂ ਤੇ ਛੋਟੀਆਂ ਲਾਈਟਾਂ ਲਾਈਆਂ ਜਾਂ ਰਹੀਆਂ ਹਨ। ਇਸ ਤੋਂ ਇਲਾਵਾ ਚਾਰਦੀਵਰੀ ਨੂੰ ਰੰਗ ਰੋਗਨ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਪਾਰਕਿੰਗ ਵਿਚ ਸਜਾਵਟੀ ਬੂਟੇ ਤੇ ਘਾਹ ਲਾਉਣ ਦਾ ਕੰਮ ਅਜੇ ਅਧੂਰਾ ਹੈ। ਦੱਸਣਯੋਗ ਹੈ ਕਿ 31 ਮਾਰਚ ਤਕ ਪਾਰਕਿੰਗ ਦਾ ਕੰਮ ਮੁਕੰਮਲ ਹੋਣਾ ਸੀ ਪਰ ਹੋ ਨਹੀਂ ਸਕਿਆ। ਸਬੰਧਤ ਠੇਕੇਦਾਰਾਂ ਦਾ ਕਹਿਣਾ ਹੈ ਕਿ ਵਿਸਾਖੀ ਮੌਕੇ ਪਾਰਕਿੰਗ ਦਾ ਨਿਰਮਾਣ ਮੁਕੰਮਲ ਕੀਤਾ ਜਾ ਸਕਦਾ ਹੈ। ਇਸ ਮੌਕੇ ਅਕਬਰ ਦਾ ਤਖਤ ਵੇਖਣ ਆਏ ਸੈਲਾਨੀ ਹਰਮਨ ਸਿੰਘ ਨੱਤ, ਅਮਨਦੀਪ ਸਿੰਘ, ਸੁਖਦੀਪ ਸਿੰਘ ਖਡੂਰ ਸਾਹਿਬ ਆਦਿ ਨੇ ਦੱਸਿਆ ਕਿ ਤਖ਼ਤ ਦੀ ਪੁਰਾਤੱਤਵ ਵਿਭਾਗ ਵੱਲੋਂ ਸਾਰ ਨਾ ਲੈਣ ਕਾਰਨ ਤਖ਼ਤ ਕਾਲੇ ਰੰਗ ’ਚ ਤਬਦੀਲ ਹੋ ਰਿਹਾ ਹੈ। ਇਸ ਤੋਂ ਇਲਾਵਾ ਇਤਿਹਾਸ ਵਾਲੇ ਸੂਚਨਾ ਬੋਰਡ ਦੀ ਹਾਲਤ ਵੀ ਖਸਤਾ ਬਣੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਤਾਜਪੋਸ਼ੀ ਤਖ਼ਤ ਨੂੰ ਰੰਗ ਕਰਨ ਤੋਂ ਇਲਾਵਾ ਸੂਚਨਾ ਬੋਰਡ ਵੀ ਲਾਏ ਜਾਣ।

Posted By: Sandip Kaur