ਆਰ. ਸਿੰਘ, ਪਠਾਨਕੋਟ : ਥਾਣਾ ਸੁਜਾਨਪੁਰ ਦੀ ਪੁਲਿਸ ਨੇ ਕਣਕ ਨਾਲ ਭਰੇ ਟਰੱਕ ਨੂੰ ਜੰਮੂ-ਕਸ਼ਮੀਰ ਤੋਂ ਆਉਂਦਿਆਂ ਫੜਿਆ ਹੈ। ਟਰੱਕ ਵਿੱਚੋਂ 19,295 ਕਿਲੋ ਕਣਕ ਬਰਾਮਦ ਹੋਈ ਹੈ। ਪੁਲਿਸ ਨੇ ਟਰੱਕ ਚਾਲਕ ਰਣਜੀਤ ਸਿੰਘ ਵਾਸੀ ਪਿੰਡ ਸੂਰਤ ਮੱਲੀ, ਬਟਾਲਾ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੈਣੀ ਫੂਡ ਸਟੋਰ ਦੇ ਮਾਲਕ ਨੂੰ ਨਾਮਜ਼ਦ ਕੀਤਾ ਹੈ।

ਮਾਰਕੀਟ ਕਮੇਟੀ ਦੇ ਸਕੱਤਰ ਬਨਾਰਸੀ ਦਾਸ ਨੇ ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਹੈ ਕਿ ਟਰੱਕ ਵਿੱਚੋਂ ਬਰਾਮਦ ਕੀਤੀ ਗਈ ਕਣਕ ਦੇ ਨਾਲ ਬਿੱਲ ਮਿਲਿਆ ਹੈ, ਜਿਸ 'ਤੇ ਕਪੂਰਥਲਾ ਦੀ ਫਰਮ ਦਾ ਨਾਂ ਸੀ। ਜਦੋਂ ਬਿੱਲ ਦੀ ਜਾਂਚ ਕੀਤੀ ਗਈ ਤਾਂ ਜ਼ਿਲ੍ਹਾ ਮੰਡੀ ਕਪੂਰਥਲਾ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਨੇ ਇਹ ਕਣਕ ਆਰਡਰ ਨਹੀਂ ਕੀਤੀ ਸੀ।

ਮਾਰਕੀਟ ਕਮੇਟੀ ਦੇ ਸਕੱਤਰ ਦਾ ਦਾਅਵਾ ਹੈ ਕਿ ਟਰੱਕ ਡਰਾਈਵਰ ਰਣਜੀਤ ਸਿੰਘ ਅਤੇ ਸੈਣੀ ਫੂਡ ਸਟੋਰ ਦੇ ਪ੍ਰਬੰਧਕਾਂ ਨੇ ਜੰਮੂ-ਕਸ਼ਮੀਰ ਤੋਂ ਸਸਤੇ ਰੇਟ 'ਤੇ ਕਣਕ ਮੰਗਵਾਈ ਸੀ ਜੋ ਕਿ ਐੱਮਐੱਸਪੀ ਰੇਟ 'ਤੇ ਵੇਚੀ ਜਾਣੀ ਸੀ। ਕਮੇਟੀ ਦੇ ਸਕੱਤਰ ਦੀ ਸ਼ਿਕਾਇਤ 'ਤੇ ਥਾਣਾ ਸੁਜਾਨਪੁਰ ਪੁਲਿਸ ਨੇ ਕਣਕ ਨਾਲ ਭਰੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਹੈ।