ਆਕਾਸ਼, ਗੁਰਦਾਸਪੁਰ : ਕੇਂਦਰੀ ਜੇਲ੍ਹ ਗੁਰਦਾਸਪੁਰ ਵਿਖੇ ਤਾਇਨਾਤ ਇੱਕ ਦਰਜਾ ਚਾਰ ਕਰਮਚਾਰੀ ਵੱਲੋਂ ਜੇਲ੍ਹ ਕੰਪਲੈਕਸ ਵਿੱਚ ਬਣੇ ਆਪਣੇ ਕੁਆਟਰ ਵਿਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਗਈ। ਇਸ ਮ੍ਰਿਤਕ ਮੁਲਾਜ਼ਮ ਦੀ ਪਛਾਣ ਰਾਜ ਕੁਮਾਰ ਉਰਫ ਰਾਜੂ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਗੱਗਲ ਜ਼ਿਲ੍ਹਾ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਵੱਜੋਂ ਹੋਈ ਹੈ। ਇੱਕਤਰ ਜਾਣਕਾਰੀ ਦੇ ਅਨੁਸਾਰ ਰਾਜ ਕੁਮਾਰ ਜੇਲ੍ਹ ਅੰਦਰ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਵੀ ਕਰਦਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਘਰੇਲੂ ਕਾਰਨਾਂ ਕਰ ਕੇ ਕਾਫੀ ਪਰੇਸ਼ਾਨ ਸੀ। ਅੱਜ ਸ਼ੁੱਕਰਵਾਰ ਤੜਕਸਾਰ ਸਵੇਰੇ 3 ਵਜੇ ਦੇ ਕਰੀਬ ਉਸਨੇ ਆਪਣੇ ਕਵਾਟਰ ਵਿੱਚ ਹੀ ਗਲ ਵਿੱਚ ਪਰਨਾ ਪਾ ਕੇ ਆਤਮਹੱਤਿਆ ਕਰ ਲਈ। ਜੇਲ੍ਹ ਅਧਿਕਾਰੀਆਂ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਵਿਖੇ ਪਹੁੰਚਾਇਆ। ਥਾਣਾ ਸਿਟੀ ਵਿਖੇ ਇਸ ਮਾਮਲੇ ਵਿੱਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

Posted By: Shubham Kumar