ਜੇਐੱਨਐੱਨ, ਗੁਰਦਾਸਪੁਰ : ਗੀਜ਼ਰ ਫਟਣ ਕਾਰਨ ਬਾਥਰੂਮ ’ਚ ਨਹਾ ਰਹੀ 13 ਸਾਲਾ ਬੱਚੀ ਬੁਰੀ ਤਰ੍ਹਾਂ ਝੁਲਸ ਗਈ। ਬੱਚੀਆਂ ਦੇ ਮਾਪਿਆਂ ਨੇ ਉਸ ਨੂੰ ਗੰਭੀਰ ਹਾਲਤ ’ਚ ਹਸਪਤਾਲ ਦਾਖਲ ਕਰਵਾਇਆ ਜਿਥੋਂ ਡਾਕਟਰਾਂ ਨੇ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਬੱਚੀ ਨੂੰ ਚੰਡੀਗੜ੍ਹ ਪੀਜੀਆਈ ਦਾਖਲ ਕਰਵਾਇਆ ਗਿਆ ਸੀ ਜਿਥੇ ਬੁੱਧਵਾਰ ਦੇਰ ਸ਼ਾਮ ਉਸ ਦੀ ਮੌਤ ਹੋ ਗਈ। ਘਟਨਾ ਜ਼ਿਲ੍ਹੇ ਦੇ ਪਿੰਡ ਝਬਕਰਾ ਦੀ 13 ਜਨਵਰੀ ਲੋਹੜੀ ਵਾਲੇ ਦਿਨ ਦੀ ਹੈ।

ਡਾਕਟਰਾਂ ਅਨੁਸਾਰ ਬੱਚੀ 60-65 ਫੀਸਦੀ ਝੁਲਸ ਚੁੱਕੀ ਸੀ। ਉੱਧਰ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਗੀਜਰ ਕਈ ਘੰਟੇ ਤੋਂ ਚੱਲ ਰਿਹਾ ਸੀ। ਸ਼ਾਇਦ ਜੀਗਰ ਦਾ ਆਟੋ ਕੱਟ ਖਰਾਬ ਸੀ, ਇਸ ਲਈ ਜ਼ਿਆਦਾ ਗੈਸ ਹੋ ਕੇ ਫੱਟ ਗਿਆ।

ਜਾਣਕਾਰੀ ਅਨੁਸਾਰ ਪਿੰਡ ਝਬਕਰਾ ਦੇ ਜੋਗਿੰਦਰ ਸਿੰਘ ਦੀ ਬੇਟੀ ਆਰਤੀ ਦੁਪਹਿਰ ਇਕ ਵਜੇ ਦੇ ਕਰੀਬ ਘਰ ਦੇ ਬਾਥਰੂਮ ’ਚ ਨਹਾ ਰਹੀ ਸੀ। ਇਸ ਦੌਰਾਨ ਅਚਾਨਕ ਗੀਜਰ ਫਟ ਗਿਆ।

ਅੱਗ ਦੀ ਲਪੇਟ ’ਚ ਆਉਣ ਕਾਰਨ ਬੱਚੀ ਕਾਫੀ ਝੁਲਸ ਗਈ। ਪਾਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਤਾਰਾਗੜ੍ਹ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ, ਜਿਥੇ ਬੱਚੀ ਦੀ ਗੰਭੀਰ ਹਾਲਤ ਵੇਖਦੇ ਹੋਏ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਥੇ ਇਲਾਜ ਦੌਰਾਨ ਉਸ ਦੀ ਬੁੱਧਵਾਰ ਦੇਰ ਸ਼ਾਮ ਮੌਤ ਹੋ ਗਈ। ਦੱਸਣਯੋਗ ਹੈ ਕਿ ਬੱਚੀ ਦਾ ਪਿਤਾ ਜੋਗਿੰਦਰ ਸਿੰਘ ਮਲੇਸ਼ੀਆ ’ਚ ਕੰਮ ਕਰਦਾ ਹੈ। ਉਸ ਦੇ ਆਉਣ ਤੋਂ ਬਾਅਦ ਹੀ ਬੱਚੀ ਦਾ ਸਸਕਾਰ ਕੀਤਾ ਜਾਵੇਗਾ।

Posted By: Jagjit Singh