ਜੇਐੱਨਐੱਨ, ਹਾਜੀਪੁਰ : ਖੇਡ-ਖੇਡ 'ਚ ਆਈਡੀ ਕਾਰਡ ਦੀ ਡੋਰ ਗਲ਼ੇ 'ਚ ਫਸਣ ਨਾਲ ਤੀਜੀ ਜਮਾਤ 'ਚ ਪੜ੍ਹਨ ਵਾਲੀ ਸੱਤ ਸਾਲਾ ਜਸਮੀਤ ਕੌਰ ਦੀ ਮੌਤ ਹੋ ਗਈ। ਇਹ ਹਾਦਸਾ ਐਤਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਾਜੀਪੁਰ ਦੇ ਪਿੰਡ ਰੈਲੀ 'ਚ ਹੋਇਆ। ਜਸਮੀਤ ਇੱਥੇ ਆਪਣੀ ਨਾਨੀ ਕੋਲ ਰਹਿੰਦੀ ਸੀ। ਬੱਚੀ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਨਾਲ ਪਠਾਨਕੋਟ 'ਚ ਰਹਿੰਦੇ ਹਨ। ਉੱਥੇ ਉਹ ਲੱਕੜੀ ਦਾ ਕੰਮ ਕਰਦੇ ਹਨ। ਉਸਦੀ ਪਤਨੀ ਮਾਤਾ-ਪਿਤਾ ਦੀ ਇਕਲੌਤੀ ਔਲਾਦ ਹੈ।

ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਇਕ ਪੁੱਤਰ ਤੇ ਇਕ ਧੀ ਨੇ ਜਨਮ ਲਿਆ। ਬੱਚੀ ਨੂੰ ਉਸਦੀ ਨਾਨੀ ਨੇ ਆਪਣੇ ਕੋਲ ਰੱਖਣ ਦੀ ਇੱਛਾ ਪ੍ਰਗਟਾਈ। ਇਸ ਸਮੇਂ ਉਹ ਨਾਨਕੇ ਹੀ ਰਹਿ ਰਹੀ ਸੀ। ਐਤਵਾਰ ਨੂੰ ਬੱਚੀ ਦੀ ਨਾਨੀ ਕਾਂਤਾ ਸਵੇਰੇ ਪਸ਼ੂੁਆਂ ਨੂੰ ਚਾਰਾ ਪਾਉਣ ਗਈ ਸੀ। ਤੇਜ਼ ਧੁੱਪ ਕਾਰਨ ਉਹ ਜਸਮੀਤ ਨੂੰ ਨਾਲ ਲੈ ਕੇ ਨਹੀਂ ਗਈ। ਪਿੱਛੋਂ ਜਸਮੀਤ ਬੈੱਡ 'ਤੇ ਚੜ੍ਹੀ ਤੇ ਕਿੱਲੀ 'ਤੇ ਟੰਗੇ ਆਪਣੇ ਆਈਡੀ ਕਾਰਡ ਨੂੰ ਉਤਾਰਣ ਦੀ ਕੋਸ਼ਿਸ਼ ਕਰਨ ਲੱਗੀ। ਕਿੱਲੀ ਬੈੱਡ ਤੋਂ ਥੋੜ੍ਹੀ ਦੂਰ ਸੀ। ਪੈਰ ਤਿਲ੍ਹਕਣ ਕਾਰਨ ਆਈਡੀ ਕਾਰਡ ਦੀ ਡੋਰ ਬੱਚੀ ਦੇ ਗਲ਼ੇ 'ਚ ਫਸ ਗਈ ਤੇ ਉਸ ਨੂੰ ਫਾਹਾ ਲੱਗ ਗਿਆ। ਜਦੋਂ ਉਸਦੀ ਨਾਨੀ ਘਰ ਪਰਤੀ ਤਾਂ ਉਹ ਕਿੱਲੀ 'ਤੇ ਲਟਕ ਰਹੀ ਸੀ। ਬੱਚੀ ਨੂੰ ਕਿੱਲੀ ਤੋਂ ਉਤਾਰ ਕੇ ਡਾਕਟਰ ਬੁਲਾਇਆ ਗਿਆ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।