ਸੱਤਪਾਲ ਜ਼ਖ਼ਮੀ, ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਰਾਹੀਂ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਰੋਜ਼ਾਨਾ ਜਾ ਰਹੀਆਂ ਹਨ। ਅੱਤ ਦੀ ਪੈ ਰਹੀ ਠੰਢ ਦੇ ਬਾਵਜੂਦ ਅੱਜ 641 ਸ਼ਰਧਾਲੂ ਆਪਣੇ ਪਰਿਵਾਰਾਂ, ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕਰ ਕੇ ਆਏ ਹਨ, ਜਿਨ੍ਹਾਂ 'ਚ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਉਨ੍ਹਾਂ ਦੀ ਪਤਨੀ ਨਿਰਮਲਜੀਤ ਕੌਰ ਵੀ ਸ਼ਾਮਲ ਸਨ। ਇਸ ਜਥੇ ਵਿਚ ਸੱਤਿਆ ਨਰਾਇਣ ਵਿਧਾਇਕ ਰਾਏਪੁਰ ਛੱਤੀਸਗੜ੍ਹ ਅਤੇ ਖੇਵ ਦਰਸ਼ਨ ਰਾਏ ਵਿਧਾਇਕ ਕੇਰਲਾ ਨੇ ਵੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਉਕਤ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਕੇ ਉਨ੍ਹਾਂ ਨੂੰ ਰੂਹਾਨੀ ਆਨੰਦ ਪ੍ਰਰਾਪਤ ਹੋਇਆ ਹੈ ਅਤੇ ਉਹ ਆਪਣੇ ਆਪ ਨੂੰ ਵੱਡਭਾਗਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਅਤੇ ਭਾਰਤ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।

ਦੱਸਣਯੋਗ ਹੈ ਕਿ ਇਸ ਲਾਂਘੇ ਰਾਹੀਂ ਯਾਤਰਾ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸਿਹਤਯਾਬੀ ਲਈ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਇਕ ਟੀਮ ਦੀ ਸਪੈਸ਼ਲ ਡਿਊਟੀ ਲਗਾਈ ਹੋਈ ਹੈ ਜਿਹੜੀ ਹਰ ਸ਼ਰਧਾਲੂ ਨੂੰ ਪੋਲੀਓ ਰੋਕੂ ਬੂੰਦਾ ਪਿਆਉਂਦੀ ਹੈ। ਇਸ ਟੀਮ ਵਿਚ ਹੈਲਥ ਇੰਸਪੈਕਟਰ ਸਤਨਾਮ ਸਿੰਘ, ਮਨਜਿੰਦਰ ਸਿੰਘ, ਮਨਦੀਪ ਸਿੰਘ, ਸਰਬਜੀਤ ਸਿੰਘ ਆਦਿ ਕਰਮਚਾਰੀ ਸੇਵਾ ਨਿਭਾਅ ਰਹੇ ਹਨ।