ਆਕਾਸ਼, ਗੁਰਦਾਸਪੁਰ : ਗੁਰਦਾਸਪੁਰ ਸਿਟੀ ਪੁਲਿਸ ਨੇ ਸਥਾਨਕ ਜੀਟੀ ਰੋਡ ਸਥਿਤ ਇਕ ਪ੍ਰਸਿੱਧ ਹੋਟਲ ਵਿਚ ਰੇਡ ਕਰਕੇ ਪੁਲਿਸ ਸਟੇਸ਼ਨ ਜੂਆ ਖੇਡਦੇ ਹੋਏ 5 ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਲੱਖ 14 ਹਜ਼ਾਰ ਰੁਪਏ ਅਤੇ ਇਕ ਤਾਸ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ । ਸਹਾਇਕ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਇਸ ਬਾਰੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਗੁਪਤ ਸੂਚਨਾ ਮਿਲੀ ਸੀ। ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਹੋਟਲ ਆਰ.ਕੇ ਰੀਜੈਂਸੀ ਦੇ ਕਮਰਾ ਨੰਬਰ 206 ਵਿਖੇ ਰੇਡ ਕੀਤੀ। ਇਸ ਕਮਰੇ 'ਚ ਨਵਦੀਪ ਸਿੰਘ ਵਾਸੀ ਅਬਲਖੈਰ, ਜਤਿੰਦਰ ਵਾਸੀ ਬਟਾਲਾ , ਰਿੰਕੂ ਵਾਸੀ ਜੋੜਾ ਛੱਤਰਾ, ਬਲਜੀਤ ਵਾਸੀ ਤਿੱਬੜੀ ਤੇ ਮਨਦੀਪ ਕੁਮਾਰ ਵਾਸੀ ਦੀਨਾ ਨਗਰ ਨੂੰ ਜੂਆ ਖੇਡਦਿਆਂ ਕਾਬੂ ਕੀਤਾ ਤੇ ਇਨ੍ਹਾਂ ਕੋਲੋਂ ਇਕ ਲੱਖ 14000 ਰੁਪਏ ਦੀ ਨਕਦੀ ਅਤੇ ਇਕ ਤਾਸ਼ ਵੀ ਬਰਾਮਦ ਕੀਤੀ ਗਈ । ਬਾਅਦ ਵਿਚ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।