ਆਰ. ਸਿੰਘ, ਪਠਾਨਕੋਟ : ਇਥੋਂ ਦੇ ਮੁਹੱਲਾ ਗੱਲਾ ਮੰਡੀ ਵਿਚ ਪਤੰਗਾਂ ਫੜਨ ਲਈ ਦੌੜਦਾ ਇਕ 11 ਸਾਲਾ ਬੱਚਾ ਰੇਲਵੇ ਲਾਈਨ ਵਿਚ ਸਿਰ ਦੇ ਭਾਰ ਡਿੱਗ ਪਿਆ। ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾਂਦੇ ਸਮੇਂ ਬੱਚੇ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਵਿਸ਼ਾਲ ਪੁੱਤਰ ਘਨ੍ਹਈਆ ਲਾਲ, ਵਾਸੀ ਗੱਲਾ ਮੰਡੀ ਵਜੋਂ ਹੋਈ ਹੈ। ਮਿ੍ਤਕ ਦੀ ਮਾਸੀ ਪਿੰਕੀ ਨੇ ਸਿਵਲ ਹਸਪਤਾਲ ਦੇ ਸਟਾਫ ਨੂੰ ਦੱਸਿਆ ਕਿ ਵਿਸ਼ਾਲ ਦੀ ਮਾਂ ਉਸ ਦੇ ਪਿੰਡ ਗਈ ਹੋਈ ਸੀ। ਉਹ ਉਸਦੀ ਦੇਖਭਾਲ ਕਰ ਰਹੀ ਸੀ। ਸਿਟੀ ਰੇਲਵੇ ਸਟੇਸ਼ਨ ਉਸ ਦੇ ਘਰ ਦੇ ਨੇੜੇ ਹੈ। ਵਿਸ਼ਾਲ ਉਥੇ ਖੇਡ ਰਿਹਾ ਸੀ। ਅਚਾਨਕ ਇਕ ਕੱਟੀ ਹੋਈ ਪਤੰਗ ਆ ਗਈ, ਉਹ ਉਸ ਨੂੰ ਫੜਨ ਲਈ ਭੱਜਿਆ। ਉਸ ਦੀ ਲੱਤ ਕਾਂਟਾ ਬਦਲਣ ਵਾਲੇ ਤਾਰ ਵਿਚ ਫੱਸ ਗਈ ਅਤੇ ਉਹ ਰੇਲਵੇ ਲਾਈਨ ਵਿਚ ਪਏ ਪੱਥਰਾਂ 'ਤੇ ਸਿਰ ਦੇ ਭਾਰ ਡਿੱਗ ਗਿਆ। ਉਥੇ ਮੌਜੂਦ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਕਰ ਦਿੱਤਾ। ਡਾ. ਪੁਨੀਤ ਨੇ ਦੱਸਿਆ ਕਿ ਬੱਚੇ ਦੀ ਮੌਤ ਉਸ ਦੇ ਸਿਰ ਵਿਚ ਸੱਟ ਲੱਗਣ ਕਾਰਨ ਹੋਈ ਹੈ।