ਜੇਐੱਨਐੱਨ, ਬਮਿਆਲ (ਪਠਾਨਕੋਟ) : ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ 'ਚ ਸੁਰੰਗ ਮਿਲਣ ਤੋਂ ਬਾਅਦ ਪਠਾਨਕੋਟ ਦੇ ਸਰਹੱਦੀ ਇਲਾਕਿਆਂ 'ਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਕਮਾਂਡੋਜ਼ ਨੂੰ ਨਾਲ ਲੈ ਕੇ ਪੁਲਿਸ ਦੇ 150 ਜਵਾਨਾਂ ਨੇ ਬੁੱਧਵਾਰ ਨੂੰ ਬਮਿਆਲ ਸੈਕਟਰ ਦਾ ਚੱਪਾ-ਚੱਪਾ ਛਾਣਿਆ। ਪੁਲਿਸ ਦਸਤਿਆਂ ਨੇ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਬਰੀਕੀ ਨਾਲ ਜਾਂਚ ਕੀਤੀ। ਘਰਾਂ ਦੀ ਤਲਾਸ਼ੀ ਵੀ ਲਈ। ਖੇਤਾਂ ਤੇ ਖੰਡਰ ਇਮਾਰਤਾਂ ਨੂੰ ਵੀ ਖੰਗਾਲਿਆ। ਹਾਲਾਂਕਿ, ਕਿਸੇ ਵੀ ਇਲਾਕੇ 'ਚ ਸੁਰੰਗ ਜਾਂ ਸ਼ੱਕੀ ਸਰਗਰਮੀ ਨਹੀਂ ਮਿਲੀ।

ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਜੇਐਂਡਕੇ 'ਚ ਲਗਾਤਾਰ ਗੋਲ਼ਾਬਾਰੀ ਤੋਂ ਬਾਅਦ ਹਾਲਾਤ ਸੰਵੇਦਨਸ਼ੀਲ ਬਣੇ ਹੋਏ ਹਨ। ਅਜਿਹੇ 'ਚ ਅੱਤਵਾਦੀ ਪਠਾਨਕੋਟ ਦੀ ਸਰਹੱਦ ਤੋਂ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਸਕਦੇ ਹਨ। ਐੱਸਪੀ ਆਪ੍ਰਰੇਸ਼ਨ ਹੇਮਪੁਸ਼ਪ ਸ਼ਰਮਾ ਨੇ ਆਪ੍ਰਰੇਸ਼ਨ ਦੌਰਾਨ ਲੋਕਾਂ ਨੂੰ ਸ਼ੱਕੀ ਵਿਅਕਤੀ ਦਿਸਣ 'ਤੇ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜਵਾਨਾਂ ਦਾ ਇਕ ਦਸਤਾ ਰਾਵੀ ਦਰਿਆ 'ਤੇ ਨਜ਼ਰ ਰੱਖ ਰਿਹਾ ਹੈ। ਬਾਕੀ ਦਸਤੇ ਪਿੰਡਾਂ 'ਚ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਪੰਜਾਬ ਆਰਮਡ ਪੁਲਿਸ ਵੀ ਜੇਐਂਡਕੇ ਤੋਂ ਆਉਣ ਵਾਲੇ ਰਸਤਿਆਂ 'ਤੇ ਅੱਠ ਜਗ੍ਹਾਂ ਤਾਇਨਾਤ ਹਨ। ਤਲਾਸ਼ੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ।