ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਨਸ਼ਾ ਛੁਡਾਊ ਕੇਂਦਰ ਵਿਖੇ ਯੋਗਾ ਸੈਸ਼ਨ ਕੀਤਾ ਗਿਆ। ਇਸ ਦੌਰਾਨ ਯੋਗਾ ਸੈਸ਼ਨ ਦੇ ਨੋਡਲ ਅਫਸਰ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਰਜਿੰਦਰ ਕੁਮਾਰ ਮਨਚੰਦਾ ਅਤੇ ਸੀਨੀਅਰ ਮੈਡੀਕਲ ਅਫਸਰ ਮੈਡਮ ਵਨੀਤਾ ਭੁੱਲਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਮਨਚੰਦਾ ਨੇ ਦੱਸਿਆ ਕਿ ਇਹ ਯੋਗਾ ਸੈਸ਼ਨ ਦੌਰਾਨ ਹਫਤੇ ਦੇ 2 ਦਿਨ ਹਰ ਮੰਗਲਵਾਰ ਅਤੇ ਸੁੱਕਰਵਾਰ ਸਵੇਰੇ 10 ਵਜੇ ਤੋਂ 11 ਵਜੇ ਤੱਕ ਨਸ਼ੇ ਅਤੇ ਮਾਨਸਿਕ ਰੋਗਾਂ ਤੋਂ ਪੀੜਤ ਮਰੀਜ਼ਾਂ ਨੂੰ ਯੋਗਾ ਕਰਵਾਇਆ ਜਾਵੇਗਾ ਤਾਂ ਕਿ ਉਹ ਆਪਣੀ ਰੋਜ਼ਮਰਾ ਜਿੰਦਗੀ ਵਿੱਚ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿ ਸਕਣ। ਐੱਸਐੱਮਓ ਡਾ. ਵਨੀਤਾ ਭੁੱਲਰ ਨੇ ਜਾਣਕਾਰੀ ਦਿੱਤੀ ਕਿ ਇਹ ਯੋਗਾ ਸੈਸ਼ਨ ਆਯੁਰਵੈਦਿਕ ਡਾਕਟਰ ਰੁਪਿੰਦਰ ਕੌਰ ਅਤੇ ਸਾਈਕਾਲੋਜਿਸਟ ਪੇ੍ਮਜੀਤ ਸਿੰਘ ਵਲੋਂ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਇਸ ਸੈਸ਼ਨ ਵਿੱਚ ਮਨੋਰੋਗ ਮਾਹਿਰ ਡਾਕਟਰ ਰਚਨਾ ਮਿੱਤਲ ਤੇ ਡਾ. ਨਵਦੀਪ ਸੋਈ ਵਲੋ ਮਰੀਜਾਂ ਨੂੰ ਵਿਸ਼ੇਸ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿਵੇਂ ਉਹ ਆਪਣੀਆਂ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਜਿਵੇਂ ਚਿੰਤਾ, ਨੀਂਦ ਦੀ ਸਮੱਸਿਆ, ਇਕਾਗਰਤਾ ਵਧਾਉਣਾ ,ਬੇਲੋੜੇ ਗਲਤ ਵਿਚਾਰਾਂ ਨੂੰ ਕਾਬੂ ਕਰਨਾ, ਗੁੱਸਾ ਅਤੇ ਉਦਾਸੀ ਨੂੰ ਦੂਰ ਕਰਨਾ, ਬਲੱਡ ਪਰੈਸ਼ਰ, ਸ਼ੂਗਰ ਬਲੱਡ ਸਰਕੂਲੇਸਨ, ਮੋਟਾਪਾ ਕੰਟਰੋਲ ਕਰਨਾ ਆਦਿ ਤੇ ਕਿਵੇਂ ਕਾਬੂ ਪਾ ਸਕਦੇ ਹਨ। ਇਸ ਮੌਕੇ ਆਯੂਰਵੈਦਿਕ ਡਿਸਪੈਂਸਰੀ ਅਤੇ ਨਸ਼ਾ ਛੁਡਾਊ ਕੇਂਦਰ ਦਾ ਸਮੂਹ ਸਟਾਫ ਹਾਜ਼ਰ ਸੀ।