ਤੀਰਥ ਸਨ੍ਹੇਰ ,ਜ਼ੀਰਾ (ਫਿਰੋਜ਼ਪੁਰ) : ਥਾਣਾ ਜ਼ੀਰਾ ਦੀ ਪੁਲਿਸ ਨੇ ਗਸ਼ਤ ਅਤੇ ਨਾਕੇਬੰਦੀ ਦੌਰਾਨ ਚੋਰੀ ਦੇ 5 ਮੋਟਰਸਾਈਕਲਾਂ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ 379, 411 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਦਾਣਾ ਮੰਡੀ ਜ਼ੀਰਾ ਵਿਖੇ ਮੌਜੂਦ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮਾਂ ਪ੍ਰਦੀਪ ਸਿੰਘ ਉਰਫ ਪੀਪਨ ਵਾਸੀ ਸਨੇਰ ਰੋਡ ਜ਼ੀਰਾ ਅਤੇ ਅੰਗਰੇਜ਼ ਸਿੰਘ ਉਰਫ ਗੇਜਾ ਵਾਸੀ ਸ਼ਿਵ ਕਾਲੋਨੀ ਜ਼ੀਰਾ ਜੋ ਮੋਟਰਸਾਈਕਲ ਚੋਰੀ ਕਰਨ ਦੇ ਆਦੀ ਹਨ ਤੇ ਅੱਗੇ ਵੇਚਦੇ ਹਨ, ਜੋ ਅੱਜ ਵੀ ਚੋਰੀ ਦੇ ਮੋਟਰਸਾਈਕਲ 'ਤੇ ਤਲਵੰਡੀ ਭਾਈ ਤੋਂ ਜ਼ੀਰਾ ਆ ਰਹੇ ਹਨ, ਜੇਕਰ ਨਾਕੇਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵੱਲੋਂ ਨਾਕੇਬੰਦੀ ਕਰ ਕੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਤੇ ਇਨ੍ਹਾਂ ਕੋਲੋਂ ਚੋਰੀ ਦੇ 5 ਮੋਟਰਸਾਈਕਲ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।