ਜਗਵੰਤ ਸਿੰਘ ਮੱਲ੍ਹੀ, ਮਖੂ (ਫਿਰੋਜ਼ਪੁਰ) : ਪਿੰਡ ਵਾਰਸਵਾਲਾ ਜੱਟਾਂ 'ਚ ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮਖੂ ਪੁਲਿਸ ਨੇ ਮੁਲਜ਼ਮ ਪਤੀ ਨੂੰ ਗਿ੍ਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਆਤਮਾ ਸਿੰਘ ਉਰਫ ਗੋਰਾ ਪੁੱਤਰ ਬਲਵੀਰ ਸਿੰਘ ਆਪਣੀ ਪਤਨੀ ਕਿਰਨਦੀਪ ਕੌਰ 'ਤੇ ਸ਼ੱਕ ਕਰਦਾ ਸੀ। ਕੁਝ ਦਿਨ ਪਹਿਲਾਂ ਉਹ ਪਤਨੀ ਨਾਲ ਸਹੁਰੇ ਘਰ ਗਿਆ ਸੀ, ਜਿਥੇ ਉਸ ਨੇ ਸਹੁਰਿਆਂ ਨੂੰ ਪਤਨੀ ਦੇ ਕਥਿਤ ਮਾੜੇ ਚਾਲ-ਚਲਣ ਬਾਰੇ ਸ਼ਿਕਾਇਤ ਕੀਤੀ। ਇਸ ਉਪਰੰਤ ਉਹ ਘਰ ਪਰਤ ਆਏ। ਬੀਤੇ ਦਿਨੀਂ ਕਿਰਨਦੀਪ ਕੌਰ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਬਾਰੇ ਉਸ ਨੇ ਸਹੁਰੇ ਪਰਿਵਾਰ ਨੂੰ ਸੂਚਿਤ ਕੀਤਾ। ਅੰਤਿਮ ਸੰਸਕਾਰ ਮੌਕੇ ਪਹੁੰਚੇ ਕਿਰਨਦੀਪ ਦੇ ਪਿਤਾ ਸੁੱਖਾ ਸਿੰਘ ਵਾਸੀ ਕਾਲੇ ਜ਼ਿਲ੍ਹਾ ਤਰਨਤਾਰਨ ਤੇ ਹੋਰ ਰਿਸ਼ਤੇਦਾਰਾਂ ਨੇ ਕਿਰਨਦੀਪ ਦਾ ਕਤਲ ਕੀਤੇ ਜਾਣ ਬਾਰੇ ਸ਼ੱਕ ਜ਼ਾਹਿਰ ਕਰਦਿਆਂ ਪੁਲਿਸ ਨੂੰ ਇਤਲਾਹ ਕੀਤੀ।

ਥਾਣਾ ਮਖੂ ਦੀ ਪੁਲਿਸ ਨੇ ਜਦ ਆਤਮਾ ਸਿੰਘ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਖੁਲਾਸਾ ਕੀਤਾ ਕਿ ਉਹ ਲੱਕੜਾਂ ਵੱਢਣ ਦਾ ਕੰਮ ਕਰਨ ਲਈ ਅਕਸਰ ਘਰੋਂ ਬਾਹਰ ਜਾਂਦਾ ਸੀ। ਇਸ ਦੌਰਾਨ ਉਸ ਦੀ ਪਤਨੀ ਜ਼ਿਆਦਾਤਰ ਪੇਕੇ ਹੀ ਰਹਿੰਦੀ ਸੀ। ਇਸ ਦੌਰਾਨ ਉਸ ਦੀ ਪਤਨੀ ਦੇ ਕਥਿਤ ਪ੍ਰੇਮ ਸਬੰਧ ਸਥਾਪਿਤ ਹੋ ਗਏ ਤੇ ਉਹ ਪ੍ਰੇਮੀ ਨਾਲ ਮੋਬਾਈਲ 'ਤੇ ਗੱਲਾਂ ਕਰਦੀ ਰਹਿੰਦੀ ਸੀ। ਇਸ ਤੋਂ ਉਸ ਨੇ ਕਈ ਵਾਰ ਉਸ ਨੂੰ ਵਰਜਿਆ ਵੀ ਸੀ ਪਰ ਉਹ ਨਹੀਂ ਮੁੜੀ। ਵਾਰਦਾਤ ਵਾਲੇ ਦਿਨ ਵੀ ਜਦ ਗੋਰਾ ਕੰਮ 'ਤੇ ਜਾਣ ਲਈ ਤਿਆਰ ਹੋਣ ਲੱਗਾ ਤਾਂ ਪਤਨੀ ਕਿਸੇ ਨਾਲ ਫੋਨ 'ਤੇ ਲੱਗੀ ਸੀ। ਜਦ ਉਸ ਨੇ ਮੋਬਾਈਲ ਮੰਗਿਆ ਤਾਂ ਉਸ ਨੇ ਪਰਦਾ ਪਾਉਂਦੇ ਹੋਏ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਚੁੰਨੀ ਗੱਲ 'ਚ ਪਾ ਕੇ ਧਮਕੀ ਦਿੱਤੀ ਕਿ ਉਹ ਆਪਣੀ ਜਾਨ ਦੇ ਦੇਵੇਗੀ। ਤੈਸ਼ 'ਚ ਆਏ ਆਤਮਾ ਸਿੰਘ ਨੇ ਉਸੀ ਚੁੰਨੀ ਨਾਲ ਕਿਰਨਦੀਪ ਦਾ ਗਲ਼ ਘੁੱਟ ਦਿੱਤਾ। ਥਾਣਾ ਮਖੂ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦਾ ਖੁਲਾਸਾ ਹੋਣ 'ਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕਾ ਦੇ ਦੋ ਬੱਚੇ ਹਨ।