ਸਟਾਫ ਰਿਪੋਰਟਰ, ਜ਼ੀਰਾ /ਫਿਰੋਜ਼ਪੁਰ : ਪਤਨੀ ਨੂੰ ਨਾਜਾਇਜ਼ ਸਬੰਧਾਂ ਤੋਂ ਰੋਕਣ 'ਤੇ ਇਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਨੂੰ ਕਤਲ ਕੀਤੇ ਜਾਣ ਦੀ ਖ਼ਬਰ ਹੈ। ਇਸ ਸਬੰਧ 'ਚ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਦੋ ਜਣਿਆਂ ਖਿਲਾਫ਼ 302, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇੰਦਰਜੀਤ ਕੌਰ ਪਤਨੀ ਰੂਪ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਨੇ ਦੱਸਿਆ ਕਿ ਉਸ ਦਾ ਲੜਕਾ ਸਤਨਾਮ ਸਿੰਘ (27/28 ਸਾਲ) ਜੋ ਨਸ਼ਾ ਪੱਤਾ ਕਰਨ ਦਾ ਆਦੀ ਸੀ ਜੋ ਆਪਣੀ ਪਤਨੀ ਸਿਮਰਨਜੀਤ ਕੌਰ ਉਰਫ ਸਿੰਮੀ ਨਾਲ ਜ਼ੀਰਾ ਵਿਖੇ ਰਹਿ ਰਿਹਾ ਸੀ ਤੇ ਸਿਮਰਨਜੀਤ ਕੌਰ ਨੇ ਹਰਜਿੰਦਰ ਸਿੰਘ ਉਰਫ ਜੈਲੀ ਉਰਫ ਸੈਮ ਨਾਲ ਨਾਜਾਇਜ਼ ਸਬੰਧ ਬਣਾ ਲਏ ਸਨ, ਜਿਸ ਨੂੰ ਸਤਨਾਮ ਸਿੰਘ ਰੋਕਦਾ ਸੀ।

ਇੰਦਰਜੀਤ ਕੌਰ ਨੇ ਦੱਸਿਆ ਕਿ ਮਿਤੀ 21 ਜੁਲਾਈ 2021 ਨੂੰ 3 ਵਜੇ ਦੁਪਹਿਰ ਨੂੰ ਸਿਮਰਨਜੀਤ ਕੌਰ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਸਤਨਾਮ ਸਿੰਘ ਬੇਹੋਸ਼ ਹੈ ਤੇ ਬੋਲ ਨਹੀਂ ਰਿਹਾ ਤੁਸੀਂ ਆ ਜਾਓ, ਜਿਸ 'ਤੇ ਉਹ ਤੇ ਉਸ ਦੀ ਲੜਕੀ ਮੌਕੇ 'ਤੇ ਪਹੁੰਚੇ ਤੇ ਸਤਨਾਮ ਸਿੰਘ ਨੂੰ ਜ਼ੀਰਾ ਸਿਵਲ ਹਸਪਤਾਲ ਵਿਖੇ ਲੈ ਕੇ ਆਏ ਪਰ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧੀ ਉਸ ਨੇ ਤੇ ਰਿਸ਼ਤੇਦਾਰਾਂ ਨੇ ਆਪਣੇ ਤੌਰ ਤੇ ਪੜਤਾਲ ਕੀਤੀ ਤਾਂ ਪਤਾ ਲੱਗਾ ਹੈ ਕਿ ਸਤਨਾਮ ਸਿੰਘ ਨੂੰ ਦੋਸ਼ੀ ਸਿਮਰਨਜੀਤ ਕੌਰ ਉਰਫ ਸਿੰਮੀ ਤੇ ਹਰਜਿੰਦਰ ਸਿੰਘ ਉਰਫ ਜੈਲੀ ਉਰਫ ਸੈਮ ਨੇ ਨਸ਼ੀਲੀ ਚੀਜ਼ ਖੁਆ ਕੇ ਬਾਅਦ 'ਚ ਸਿਰ ਪਿੱਛੇ ਤੇਜ਼ਧਾਰ ਹਥਿਆਰ ਨਾਲ ਸੱਟ ਮਾਰੀ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਦੀਪਿਕਾ ਰਾਣੀ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Posted By: Seema Anand