ਸੰਜੀਵ ਮਦਾਨ, ਲੱਖੋਕੇ ਬਹਿਰਾਮ : ਸਰਹੱਦੀ ਬਲਾਕ ਮਮਦੋਟ ਦਾ ਪਿੰਡ ਜੋਧਪੁਰ ਬੁਨਿਆਦੀ ਸਹੂਲਤਾਂ ਨੂੰ ਵੀ ਤਰਸ ਰਿਹਾ ਹੈ। ਘਰਾਂ ਦੀ ਨਿਕਾਸੀ ਵਾਲਾ ਗੰਦਾ ਪਾਣੀ ਸੜਕਾਂ 'ਤੇ ਵਹਿ ਰਿਹਾ ਹੈ। ਕਈ ਘਰ ਨੀਵੇਂ ਹੋਣ ਕਾਰਨ ਇਸੇ ਗੰਦੇ ਪਾਣੀ ਵਿਚ ਿਘਰ ਗਏ ਹਨ। ਸੜਕਾਂ ਤੇ ਗਲੀਆਂ 'ਚ ਖੜ੍ਹਾ ਗੰਦਾ ਪਾਣੀ ਇੰਨਾਂ ਲੋਕਾਂ ਦੇ ਲਈ ਡੇਂਗੂ, ਮਲੇਰੀਆ, ਟਾਈਫਾਈਡ, ਹੈਜ਼ਾ ਅਤੇ ਪੇਚਿਸ਼ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਗ਼ਰੀਬ ਬਸਤੀ ਦੇ ਲੋਕ ਨਰਕ ਵਾਲਾ ਜੀਵਨ ਬਤੀਤ ਕਰਨ ਲਈ ਮਜ਼ਬੂਰ ਹਨ। ਅਜਿਹੇ ਭੈੜੇ ਅਤੇ ਪ੍ਰਦੂਸ਼ਤ ਵਾਤਾਵਰਨ ਲਈ ਪੰਚਾਇਤ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ।

.........................

ਸੜਕਾਂ ਤੇ ਗਲੀਆਂ ਹੋਈਆਂ ਜਲਥਲ

ਪਿੰਡ 'ਚ ਗੰਦਾ ਪਾਣੀ ਸੜਕਾਂ ਉੱਪਰ ਆ ਕੇ ਖੜ੍ਹਾ ਹੋ ਗਿਆ ਹੈ ਜਿਸ ਕਾਰਨ ਇੱਥੋਂ ਦੇ ਲੋਕਾਂ ਦਾ ਆਉਣਾ ਜਾਣਾ ਕਾਫੀ ਅੌਖਾ ਹੋ ਚੁੱਕਾ ਹੈ। ਇਕ ਪਾਸੇ ਉੱਚੀਆਂ ਨਾਲੀਆਂ, ਦੂਜੇ ਪਾਸੇ ਸੜਕ 'ਤੇ ਖੜ੍ਹਾ ਪਾਣੀ ਤੇ ਲੋਕਾਂ ਨੂੰ ਬਿਜਲੀ ਦੇ ਮੀਟਰਾਂ ਵਾਲੇ ਬਕਸੇ ਨਾਲ ਖਹਿ ਕੇ ਲੰਘਣਾ ਪੈ ਰਿਹਾ ਹੈ।

............................

ਦੋ ਡੰਗ ਦੀ ਰੋਟੀ ਖਾਣੀ ਵੀ ਹੋਈ ਅੌਖੀ

ਪ੍ਰਭਾਵਿਤ ਮੁਹੱਲਾ-ਵਾਸੀਆਂ ਨੇ ਕਿਹਾ ਹੈ ਕਿ ਗੰਦੇ ਪਾਣੀ ਦੇ ਖੜ੍ਹੇ ਹੋਣ ਕਰਕੇ ਦੋ ਡੰਗ ਦੀ ਰੋਟੀ ਖਾਣੀ ਵੀ ਅੌਖੀ ਹੋ ਚੁੱਕੀ ਹੈ। ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਤੋਂ ਇਲਾਵਾ ਗੰਦੇ ਪਾਣੀ ਬਦਬੋ ਨੇ ਵੀ ਜਿਊਣਾ ਦੁੱਭਰ ਕਰ ਰੱਖਿਆ ਹੈ।

................................

ਪਿੰਡ ਦੇ ਵਿਚਕਾਰ ਬਣਿਆ ਛੱਪੜ ਗਰੀਬ ਘਰ ਲਈ ਬਣਿਆ ਸ਼ਰਾਪ

ਪਿੰਡ ਦੇ ਬਿਲਕੁਲ ਨਾਲ ਬਣਿਆ ਛੱਪੜ ਗ਼ਰੀਬ ਘਰ ਦੇ ਲਈ ਇਕ ਸ਼ਰਾਪ ਬਣਿਆ ਹੋਇਆ ਹੈ। ਬੀਤੇ ਦੇਰ ਸ਼ਾਮ ਨੂੰ ਗ਼ਰੀਬ ਪਰਿਵਾਰ ਨਾਲ ਸਬੰਧਤ ਪਰਮਜੀਤ ਕੌਰ ਦੀ ਮੱਝ ਖੁੱਲ੍ਹ ਕੇ ਛੱਪੜ 'ਚ ਜਾ ਵੜੀ ਅਤੇ ਫਸ ਕੇ ਡੁੱਬਣ ਨਾਲ ਮੌਤ ਹੋ ਗਈ। ਇੱਥੇ ਦੱਸਣਯੋਗ ਹੋਵੇਗਾ ਕਿ ਉਕਤ ਅੌਰਤ ਦੀ ਛੇ ਮਹੀਨੇ ਪਹਿਲਾਂ ਵੀ ਇਕ ਮੱਝ ਪਾਣੀ ਵਿਚ ਡੁੱਬ ਕੇ ਮਰ ਗਈ ਸੀ। ਗ਼ਰੀਬ ਘਰ ਦੇ ਹੋਏ ਨੁਕਸਾਨ ਦੇ ਲਈ ਪਿੰਡ ਵਾਸੀਆਂ ਨੇ ਪੰਚਾਇਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

...........................

ਕੀ ਕਹਿੰਦੇ ਹਨ ਮਹਿਲਾ ਸਰਪੰਚ ਸੁਖਵਿੰਦਰ ਕੌਰ

ਪਿੰਡ ਜੋਧਪੁਰ ਦੀ ਮਹਿਲਾ ਸਰਪੰਚ ਸੁਖਵਿੰਦਰ ਕੌਰ ਨੇ ਕਿਹਾ ਹੈ ਕਿ ਲਗਭਗ ਇਕ ਸਾਲ ਪਹਿਲਾਂ ਪਿੰਡ ਦੇ ਛੱਪੜਾਂ ਦੀ ਸਫਾਈ ਕਰਨ ਲਈ ਜੇਸੀਬੀ ਮਸ਼ੀਨ ਲਿਆਂਦੀ ਗਈ ਸੀ ਜਿਸ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਇਤਰਾਜ ਕਰ ਕੇ ਅੜਿੱਕਾ ਡਾਹਿਆ ਗਿਆ ਅਤੇ ਮਸ਼ੀਨ ਬਿਨਾਂ ਕੰਮ ਕੀਤੇ ਵਾਪਸ ਭੇਜਣੀ ਪਈ। ਪਿੰਡ ਦੀ ਪੰਚਾਇਤ ਅੱਜ ਵੀ ਛੱਪੜਾਂ ਦੀ ਸਫਾਈ ਦੇ ਲਈ ਵਚਨਬੱਧ ਹੈ ਜੇਕਰ ਕੁਝ ਲੋਕ ਲਿਖਤੀ ਵਿਚ ਇਸ ਨੂੰ ਪ੍ਰਵਾਨਗੀ ਦੇ ਦੇਣ।