ਜੇਐੱਨਐੱਨ, ਫਿਰੋਜ਼ਪੁਰ : ਲਗਾਤਾਰ ਵਧ ਰਹੀ ਮਹਿੰਗਾਈ ਕਾਰਨ ਜਿੱਥੇ ਗ਼ਰੀਬ ਪਰਿਵਾਰ ਦੋ ਵਕਤ ਦੀ ਰੋਜ਼ੀ-ਰੋਟੀ ਤੋਂ ਅਸਮਰੱਥ ਹਨ, ਉੱਥੇ ਹੀ ਅੰਬਰ ਛੂੰਹਦੀਆਂ ਸਬਜ਼ੀਆਂ ਦੀਆਂ ਕੀਮਤਾਂ ਕਾਰਨ ਇਹ ਮੱਧ ਵਰਗੀ ਪਰਿਵਾਰਾਂ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਸਬਜ਼ੀਆਂ ਦੇ ਭਾਅ 'ਚ ਅਚਾਨਕ ਭਾਰੀ ਵਾਧੇ ਦਾ ਕਾਰਨ ਪੰਜਾਬ 'ਚ ਹੜ੍ਹਾਂ ਦੀ ਸਮੱਸਿਆ ਦਾ ਪੈਦਾ ਹੋਣਾ ਹੈ। ਭਾਰੀ ਮੀਂਹ ਕਾਰਨ ਵੱਡੇ ਪੱਧਰ 'ਤੇ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ। ਮੀਂਹ ਦੇ ਮੌਸਮ ਕਾਰਨ ਬਾਹਰੋਂ ਆਉਣ ਵਾਲੀਆਂ ਸਬਜ਼ੀਆਂ ਵੀ ਨਹੀਂ ਪਹੁੰਚ ਰਹੀਆਂ। ਇਸ ਕਾਰਨ ਗਾਹਕਾਂ ਦੀ ਜੇਬ 'ਤੇ ਸਾਰਾ ਭਰ ਪੈਂਦਾ ਦਿਖਾਈ ਦੇ ਰਿਹਾ ਹੈ। ਸਾਰੇ ਗਾਹਕ ਸਬਜ਼ੀਆਂ ਦੇ ਭਾਅ ਸੁਣ ਦੰਗ ਰਹਿ ਜਾਂਦੇ ਹਨ। ਟਮਾਟਰ 50 ਤੋਂ 60 ਰੁਪਏ ਕਿੱਲੋ, ਪਿਆਜ਼ 40 ਤੋਂ 50, ਆਲੂ 20 ਤੋਂ 25, ਫੁੱਲ ਗੋਭੀ 90 ਤੋਂ 100, ਮਟਰ 100 ਤੋਂ 120, ਬੰਦ ਗੋਭੀ 80 ਤੋਂ 100, ਘੀਆ ਕੱਦੂ 50 ਤੋਂ 60, ਭਿੰਡੀ 60 ਤੋਂ 70, ਸ਼ਿਮਲਾ ਮਿਰਚ 80 ਤੋਂ 90, ਅਰਬੀ 90 ਤੋਂ 100, ਬੈਂਗਣ 50 ਤੋਂ 60, ਨਿੰਬੂ 100 ਤੋਂ 120 ਕਿੱਲੋ ਰੁਪਏ ਬਾਜ਼ਾਰ 'ਚ ਵਿਕ ਰਹੇ ਹਨ। ਏਨੀਆਂ ਮਹਿੰਗੀਆਂ ਸਬਜ਼ੀਆਂ ਖ਼ਰੀਦਣ ਦੀ ਹੈਸੀਅਤ ਮੱਧ ਵਰਗ ਦੇ ਪਰਿਵਾਰਾਂ ਦੀ ਨਹੀਂ ਹੈ।

ਫਿਰੋਜ਼ਪੁਰ ਫਰੂਟ ਐਸੋਸੀਏਸ਼ਨ ਮੰਡੀ ਦੇ ਪ੍ਰਧਾਨ ਅਸ਼ੋਕ ਪਸਰੀਚਾ ਨੇ ਦੱਸਿਆ ਕਿ ਮਹਿੰਗੀਆਂ ਸਬਜ਼ੀਆਂ ਦਾ ਕਾਰਨ ਜਿੱਥੇ ਮੌਸਮ ਤੇ ਭਾਰੀ ਮੀਂਹ ਹੈ, ਉਸ ਦੇ ਨਾਲ -ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਸਬਜ਼ੀਆਂ ਦੇ ਨਾਲ-ਨਾਲ ਫ਼ਲ ਵੀ ਬਹੁਤ ਮਹਿੰਗੇ ਭਾਅ ਵਿਕ ਰਹੇ ਹਨ। ਸੇਬ 100 ਤੋਂ 150 ਰੁਪਏ ਤੱਕ, ਅਨਾਰ 120 ਤੋਂ 150, ਬੱਗੂਗੋਸ਼ਾ 80 ਤੋਂ 100, ਕੇਲਾ 80 ਤੋਂ 90, ਅੰਬ 100 ਤੋਂ 150 ਤੱਕ ਕਿੱਲੋ ਵਿਕ ਰਹੇ ਹਨ।

ਐਂਟੀ ਕਰਾਈਮ ਸੁਸਾਇਟੀ ਦੇ ਪੰਜਾਬ ਪ੍ਰਧਾਨ ਮਨੂੰ ਸ਼ਰਮਾ ਨੇ ਦੱਸਿਆ ਕਿ ਮੀਂਹ ਦੇ ਮੌਸਮ 'ਚ ਸਬਜ਼ੀਆਂ ਦੇ ਭਾਅ ਏਨੇ ਜ਼ਿਆਦਾ ਵਧ ਗਏ ਹਨ ਤਾਂ ਇਸ ਪਿੱਛੇ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੀ ਵੀ ਅਣਦੇਖੀ ਹੈ। ਪ੍ਰਸ਼ਾਸਨ ਦੀ ਨਜ਼ਰਅੰਦਾਜ਼ੀ ਕਾਰਨ ਹਰ ਦੁਕਾਨਦਾਰ ਆਪਣੇ ਹਿਸਾਬ ਨਾਲ ਮਾਰਕੀਟ 'ਚ ਸਬਜ਼ੀਆਂ ਵੇਚ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਨੂੰ ਮਜਬੂਰੀ 'ਚ ਜ਼ਿਆਦਾ ਕੀਮਤ ਦੇਣੀ ਪੈਂਦੀ ਹੈ।