ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ : ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿਚ ਨਿਤਰਦਿਆਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਆਪਣੇ ਸੈਂਕੜੇ ਸਮਰਥਕਾਂ ਨਾਲ ਸ਼ੁੱਕਰਵਾਰ ਨੂੰ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦੇ ਲਈ ਹਰ ਸੰਘਰਸ਼ ਵਿਚ ਅੱਗੇ ਹੋ ਕੇ ਲੜਣ ਦਾ ਭਰੋਸਾ ਦਿੱਤਾ। ਸ਼ਹੀਦ-ਏ-ਆਜ਼ਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਤੋਂ ਕੱਢੇ ਗਏ ਇਸ ਟਰੈਕਟਰ ਮਾਰਚ ਵਿਚ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਟਰੈਕਟਰਾਂ ਦੇ ਨਾਲ ਹਿੱਸਾ ਲਿਆ। ਇਸ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਅਤੇ ਕਿਸਾਨਾਂ ਦੇ ਹੱਕਾਂ ਦੀ ਸੁਰੱਖਿਆ ਕਰਨਾ ਸਾਡਾ ਹੀ ਨਹੀਂ, ਸਗੋਂ ਸਾਰੇ ਸਮਾਜ ਦੇ ਲੋਕਾਂ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਉਹ ਅਤੇ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਸੰਘਰਸ਼ ਦੇ ਨਾਲ ਹਨ ਅਤੇ ਜਦ ਤਕ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ , ਉਹ ਆਪਣੇ ਕਿਸਾਨ ਭਰਾਵਾਂ ਦੇ ਹੱਕ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ। ਉਨ੍ਹਾਂ ਇਲਾਕੇ ਦੇ ਕਿਸਾਨਾਂ ਅਤੇ ਹੋਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ 26 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਕਿਸਾਨ ਮਾਰਚ ਵਿਚ ਹਿੱਸਾ ਲੈਣ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿਚ ਪਹੁੰਚਣ ਤਾਂ ਜੋ ਕਿਸਾਨ ਵਿਰੋਧੀ ਕਾਲੇ ਬਿੱਲਾਂ ਨੂੰ ਰੱਦ ਕਰਵਾਉਣ ਦੇ ਲਈ ਮੋਦੀ ਸਰਕਾਰ 'ਤੇ ਦਬਾਅ ਪਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖੁਦ ਟਰੈਕਟਰ ਚਲਾ ਰਹੇ ਸੀ ਅਤੇ ਉਨ੍ਹਾਂ ਦੇ ਇਸ ਕੰਮ ਨੂੰ ਵੇਖਦੇ ਹੋਏ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਆਪਣੇ ਆਪਣੇ ਟਰੈਕਟਰਾਂ ’ਤੇ ਇਸ ਮਾਰਚ ਵਿਚ ਸ਼ਾਮਲ ਹੋ ਕੇ ਕਿਸਾਨਾਂ ਦੇ ਹੱਕ ਵਿਚ ਅਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੱਟੂ ਸਾਂਘਾ, ਹਰਿੰਦਰ ਖੋਸਾ,ਧਰਮਜੀਤ ਸਿੰਘ, ਸਰਪੰਚ ਅਮਨ ਰੱਖੜੀ , ਪਿੰਕਾ ਨਾਗਪਾਲ, ਪਰਮਿੰਦਰ ਹਾਂਡਾ, ਬਲਬੀਰ ਬਾਠ, ਸੁਖਵਿੰਦਰ ਅਟਾਰੀ, ਬਲੀ ਸਿੰਘ ਉਸਮਾਨ ਵਾਲਾ,ਰਿੰਕੂ ਗਰੋਵਰ, ਸ਼ਬੇਗ ਸਿੰਘ,ਮਲਕਿਤ ਸਿੰਘ, ਪਿ੍ੰਸ ਭਾਓੂ ਅਤੇ ਸੈਂਕੜਿਆ ਦੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Posted By: Tejinder Thind