ਜੇਐੱਨਐੱਨ, ਅਜਨਾਲਾ : ਪਾਕਿਸਤਾਨ ਤੋਂ ਆਈ ਹੈਰੋਇਨ ਨੂੰ ਸਰਹੱਦੀ ਇਲਾਕੇ 'ਚ ਵੇਚਣ ਵਾਲੇ ਦੋ ਨੌਜਵਾਨਾਂ ਨੂੰ ਐੱਸਟੀਐੱਫ ਬਾਰਡਰ ਰੇਂਜ ਵੱਲੋਂ ਗਿ੍ਫ਼ਤਾਰ ਕੀਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਵਾਂ ਨੌਜਵਾਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗਿ੍ਫ਼ਤਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਲੋਪੋਕੇ ਥਾਣਾ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਵਾਸੀ ਸਾਹਿਬਦੀਪ ਸਿੰਘ ਤੇ ਗੁਰਪ੍ਰਰੀਤ ਸਿੰਘ ਵਜੋਂ ਦੱਸੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਐੱਸਟੀਐੱਫ ਨੂੰ ਸੂਚਨਾ ਮਿਲੀ ਸੀ ਕਿ ਸਾਹਿਬਦੀਪ ਸਿੰਘ ਤੇ ਗੁਰਪ੍ਰਰੀਤ ਸਿੰਘ ਦੋਵੇਂ ਮਿਲ ਕੇ ਪਾਕਿਸਤਾਨ ਤੋਂ ਆਈ ਹੈਰੋਇਨ ਨੂੰ ਸਰਹੱਦੀ ਏਰੀਆ ਚੁਗਾਵਾਂ, ਅਜਨਾਲਾ, ਲੋਪੋਕੇ ਤੇ ਹੋਰ ਇਲਾਕਿਆਂ 'ਚ ਸਪਲਾਈ ਕਰਦੇ ਹਨ ਤੇ ਅੱਜ ਵੀ ਮੋਟਰਸਾਈਕਲ 'ਤੇ ਚੁਗਾਵਾਂ ਦੇ ਸ਼ਮਸ਼ਾਨਘਾਟ ਕੋਲ ਕਿਸੇ ਨੂੰ ਹੈਰੋਇਨ ਦੀ ਖੇਪ ਦੇਣ ਆ ਰਹੇ ਹਨ, ਜਿਸ 'ਤੇ ਐੱਸਟੀਐੱਫ ਦੇ ਇੰਸਪੈਕਟਰ ਰਣਧੀਰ ਸਿੰਘ ਨੇ ਪੁਲਿਸ ਪਾਰਟੀ ਨਾਲ ਨਾਕਾਬੰਦੀ ਕਰ ਕੇ ਦੋਵਾਂ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰ ਲਿਆ। ਹਾਲਾਂਕਿ ਅਜੇ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਕਿੰਨੀ ਹੈਰੋਇਨ ਫੜੀ ਗਈ ਹੈ। ਏਆਈਜੀ ਰਛਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਪਾਕਿਸਤਾਨ ਤੋਂ ਕਿਵੇਂ ਹੈਰੋਇਨ ਮੰਗਵਾਉਂਦੇ ਸਨ ਤੇ ਹਾਸਲ ਕਰਦੇ ਸਨ।