ਸਟਾਫ ਰਿਪੋਰਟਰ, ਫਿਰੋਜ਼ਪੁਰ: ਥਾਣਾ ਲੱਖੋਕੇ ਬਹਿਰਾਮ ਤੇ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਗਸ਼ਤ ਤੇ ਚੈਕਿੰਗ ਦੌਰਾਨ ਦੋ ਵਿਅਕਤੀਆਂ ਨੂੰ 35 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਲੱਖੋਕੇ ਬਹਿਰਾਮ ਪੁਲਿਸ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਰਾਮ ਪ੍ਰਕਾਸ਼ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਸਬੰਧੀ ਪਿੰਡ ਕਰੀ ਕਲਾਂ ਵਿਖੇ ਮੌਜ਼ੂਦ ਸੀ, ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਲਵਪ੍ਰਰੀਤ ਸਿੰਘ ਉਰਫ ਲਵਲੀ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਦੌਲਤਪੁਰਾ ਜੋ ਹੈਰੋਇਨ ਵੇਚਣ ਦਾ ਆਦੀ ਹੈ ਤੇ ਅੱਜ ਵੀ ਹੈਰੋਇਨ ਵੇਚਣ ਲਈ ਪਿੰਡ ਸੋਢੀਵਾਲਾ ਦੇ ਏਰੀਆ 'ਚ ਆ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰ ਕੇ ਦੋਸ਼ੀ ਨੂੰ ਕਾਬੂ ਕੀਤਾ ਤੇ ਇਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਉਧਰ ਥਾਣਾ ਮੱਲਾਂਵਾਲਾ ਦੀ ਪੁਲਿਸ ਦੇ ਏਐੱਸਆਈ ਅਵਨੀਤ ਸਿੰਘ ਨੇ ਦੱਸਿਆ ਕਿ ਏਐੱਸਆਈ ਦਰਸ਼ਨ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸਬੰਧੀ ਪਿੰਡ ਰੱਤੇਵਾਲਾ ਬੰਨ ਵਿਖੇ ਮੌਜ਼ੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸਤਨਾਮ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਪਿੰਡ ਆਲੇ ਵਾਲਾ ਜੋ ਹੈਰੋਇਨ ਵੇਚਣ ਦਾ ਆਦੀ ਹੈ ਤੇ ਅੱਜ ਵੀ ਹੈਰੋਇਨ ਵੇਚਣ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਿੰਡ ਦੂਲਾ ਸਿੰਘ ਵਾਲਾ ਸੂਏ ਪਾਸ ਆਪਣੇ ਮੋਟਰਸਾਈਕਲ ਪਲਟੀਨਾ ਬਿਨ੍ਹਾ ਨੰਬਰੀ 'ਤੇ ਖੜ੍ਹਾ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ 'ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਤੇ ਇਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ।