ਜੇਐੱਨਐੱਨ, ਫਿਰੋਜ਼ਪੁਰ : ਨਸ਼ੇ ਕਾਰਨ 36 ਘੰਟਿਆਂ ਦੇ ਅੰਦਰ-ਅੰਦਰ ਦੋ ਹੋਰ ਨੌਜਵਾਨਾਂ ਨੇ ਖ਼ੁਦਕੁਸ਼ੀ ਕਰ ਲਈ। ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਤੋਂ 10-15 ਕਿਲੋਮੀਟਰ ਸੁੰਨਮਸਾਨ ਇਲਾਕੇ ਤੋਂ ਬਰਾਮਦ ਹੋਈਆਂ ਹਨ। ਐਤਵਾਰ ਨੂੰ ਦਿਨ ਵਿਚ ਸਰਹੱਦੀ ਪਿੰਡ ਸਾਬੂਆਨਾ ਦੇ ਨੇੜੇ ਇਕ ਨੌਜਵਾਨ ਨੂੰ ਪਿੰਡ ਵਾਸੀਆਂ ਨੇ ਨਸ਼ੇ ਵਿਚ ਟੱਲੀ ਵੇਖਿਆ, ਜਿਸ ਦੀ ਸੂਚਨਾ ਤੁਰੰਤ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਦਿੱਤੀ ਗਈ, ਮੌਕੇ 'ਤੇ ਪੁੱਜੀ ਫਿਰੋਜ਼ਪੁਰ ਸਦਰ ਥਾਣੇ ਦੀ ਪੁਲਿਸ ਨੇ ਉਕਤ ਨੌਜਵਾਨ ਨੂੰ ਇਲਾਜ ਲਈ ਫਿਰੋਜ਼ਪੁਰ ਸਿਵਲ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮਿ੍ਤਕ ਐਲਾਨ ਕਰਾਰ ਦਿੱਤਾ ਗਿਆ।

ਨਸ਼ੇ ਦੀ ਓਵਰਡੋਜ ਨਾਲ ਹੋਈ ਇਕ ਤੇ ਅਣਪਛਾਤੇ ਨੌਜਵਾਨ ਦੀ ਮੌਤ ਦੀ ਖਬਰ ਸ਼ਹਿਰ ਵਿਚ ਫੈਲ ਗਈ, ਜਿਸ ਤੋਂ ਬਾਅਦ ਸ਼ਹਿਰ ਦੀ ਬਸਤੀ ਅੰਮਿ੍ਤਸਰੀ ਵਾਸੀ ਮਿ੍ਤਕ ਦੇ ਪਰਿਵਾਰਕ ਮੈਂਬਰਾਂ ਤਕ ਵੀ ਇਹ ਖਬਰ ਪੁੱਜ ਗਈ, ਜਿਨ੍ਹਾਂ ਹਸਪਤਾਲ ਵਿਚ ਪੁੱਜ ਕੇ ਲਾਸ਼ ਦੀ ਪਛਾਣ ਕੀਤੀ। ਮਿ੍ਤਕ ਦੀ ਪਛਾਣ 27 ਸਾਲਾ ਮਲਕੀਤ ਸਿੰਘ ਵਜੋਂ ਹੋਈ ਹੈ।

ਜਦਕਿ ਦੂਜੀ ਘਟਨਾ ਮੱਖੂ ਥਾਣਾ ਇਲਾਕੇ ਦੇ ਅਧੀਨ ਪੈਂਦੇ ਪਿੰਡ ਅਮੀਰ ਸ਼ਾਹ ਦੀ ਹੈ। ਇੱਥੇ ਦੇ ਵਾਸੀ 24 ਸਾਲਾ ਨੌਜਵਾਨ ਬਲਜੀਤ ਸਿੰਘ ਦੀ ਵੀ ਮੌਤ ਨਸ਼ੇ ਕਾਰਨ ਹੀ ਹੋਈ ਹੈ, ਪਰਿਵਾਰਕ ਮੈਂਬਰਾਂ ਨੂੰ ਉਸ ਦੀ ਲਾਸ਼ ਘਰ ਤੋਂ 15 ਕਿਲੋਮੀਟਰ ਦੂਰ ਖੇਤ 'ਚੋਂ ਮਿਲੀ। ਅਗਸਤ ਮਹੀਨੇ ਵਿਚ ਨਸ਼ੇ ਕਾਰਨ ਹੋਈਆਂ ਮੌਤਾਂ ਦਾ ਇਹ ਤੀਸਰਾ ਮਾਮਲਾ ਹੈ। ਫਿਰੋਜ਼ਪੁਰ ਸਦਰ ਥਾਣੇ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਮੁਲਜ਼ਮ ਪਾਇਆ ਗਿਆ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।