ਪੱਤਰ ਪ੍ਰੇਰਕ, ਜ਼ੀਰਾ (ਫਿਰੋਜ਼ਪੁਰ) : ਤਹਿਸੀਲ ਜ਼ੀਰਾ ਦੇ ਪਿੰਡ ਮੇਹਰ ਸਿੰਘ ਵਾਲਾ ਵਿਖੇ ਟਰੱਕ ਅਤੇ ਕਾਰ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਟਰੱਕ ਡਰਾਈਵਰ ਖਿਲਾਫ 304-ਏ, 279, 427 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੰਪੂਰਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਹਿਕ ਖਾਸ ਨੇ ਦੱਸਿਆ ਕਿ ਉਸ ਦਾ ਲੜਕਾ ਰਣਦੀਪ ਸਿੰਘ (22 ਸਾਲ) ਅਤੇ ਉਸ ਦਾ ਰਿਸ਼ਤੇਦਾਰ ਅੰਗਰੇਜ਼ ਸਿੰਘ (22 ਸਾਲ) ਪੁੱਤਰ ਮੱਖਣ ਸਿੰਘ ਵਾਸੀਅਨ ਪਿੰਡ ਬਹਿਕ ਖਾਸ ਆਪਣੀ ਕਾਰ ਰੀਟਜ਼ ਨੰਬਰ ਡੀਐੱਲ 8 ਸੀਪੀ 8559 ’ਤੇ ਸਵਾਰ ਹੋ ਕੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਗਏ ਸੀ ਤਾਂ ਰਸਤੇ ਵਿਚ ਪਿੰਡ ਮੇਹਰ ਸਿੰਘ ਵਾਲਾ ਵਿਖੇ ਇਕ ਟਰੱਕ ਡਰਾਈਵਰ ਨੇ ਟਰੱਕ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਰਣਦੀਪ ਸਿੰਘ ਦੀ ਕਾਰ ਰੀਟਜ਼ 'ਚ ਮਾਰਿਆ। ਇਸ ਹਾਦਸੇ ਵਿਚ ਉਸ ਦੇ ਲੜਕੇ ਰਣਦੀਪ ਸਿੰਘ ਅਤੇ ਅੰਗਰੇਜ਼ ਸਿੰਘ ਦੀ ਮੌਤ ਹੋ ਗਈ। ਸੰਪੂਰਨ ਸਿੰਘ ਨੇ ਦੱਸਿਆ ਕਿ ਅਣਪਛਾਤਾ ਟਰੱਕ ਡਰਾਈਵਰ ਮੌਕੇ ’ਤੇ ਟਰੱਕ ਛੱਡ ਕੇ ਫਰਾਰ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Posted By: Seema Anand