ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਰਾਜਪੁਰਾ ਵਾਸੀ ਇਕ ਵਿਅਕਤੀ ਨੇ ਬੀਤੀ ਸ਼ਾਮ ਆਰਥਿਕ ਪਰੇਸ਼ਾਨੀ ਕਾਰਨ ਸਪਰੇਅ ਪੀ ਕੇ ਆਤਮ ਹੱਤਿਆ ਕਰ ਲਈ, ਜਿਸ ਦਾ ਅੰਤਿਮ ਸਸਕਾਰ ਸੋਮਵਾਰ ਨੂੰ ਕਰ ਦਿੱਤਾ ਗਿਆ।

ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਪੰਚ ਤੇ ਮਿ੍ਤਕ ਦੇ ਚਚੇਰੇ ਭਰਾ ਨਸੀਬ ਸਿੰਘ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਗੁਰਜੀਤ ਸਿੰਘ ਪੁੱਤਰ ਜਗਸੀਰ ਸਿੰਘ ਉਮਰ ਕਰੀਬ 35 ਸਾਲ ਪਿਛਲੇ ਕਾਫੀ ਸਮੇਂ ਤੋਂ ਕਰਜ਼ੇ ਕਾਰਨ ਮਾਨਸਿਕ ਰੂਪ ਤੋਂ ਪ੍ਰਰੇਸ਼ਾਨ ਰਹਿੰਦਾ ਸੀ। ਕਿਉਂਕਿ ਉਸ ਕੋਲ ਢਾਈ ਏਕੜ ਜ਼ਮੀਨ ਸੀ ਤੇ ਕਰੀਬ 9 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਬੀਤੀ ਸ਼ਾਮ ਉਸ ਨੇ ਆਪਣੇ ਖੇਤ 'ਚ ਸਪਰੇਅ ਪੀ ਲਈ, ਉਸ ਦੀ ਹਾਲਤ ਖ਼ਰਾਬ ਹੋਣ 'ਤੇ ਪਰਿਵਾਰ ਵਾਲਿਆਂ ਨੇ ਉਸ ਨੂੰ ਅਬੋਹਰ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਮਿ੍ਤਕ ਦੀ ਪਤਨੀ ਹਰਪ੍ਰੀਤ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਉਨ੍ਹਾਂ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਉੱਧਰ ਫਾਜ਼ਿਲਕਾ ਦੇ ਪਿੰਡ ਬਾਂਡੀ ਵਾਲਾ ਦੇ ਕਿਸਾਨ ਰਾਮ ਲਾਲ ਨੇ ਐੱਚਡੀਐੱਫਸੀ ਬੈਂਕ ਦੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲਗਾ ਕੇ ਆਤਮ ਹੱਤਿਆ ਕਰ ਲਈ। ਪਰਿਵਾਰ ਮੈਂਬਰਾ ਵੱਲੋਂ ਬੈਂਕ ਦੇ ਕਰਮਚਾਰੀਆਂ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਜ਼ਿਲ੍ਹੇ ਦੋ ਦੋਵੇਂ ਕਿਸਾਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ, ਤੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ।