ਜੇਐੱਨਐੱਨ, ਅਬੋਹਰ : ਸ੍ਰੀਗੰਗਾਨਗਰ-ਬੀਕਾਨੇਰ ਨੈਸ਼ਨਲ ਹਾਈਵੇਅ 62 'ਤੇ ਲੂਣਕਰਨਸਰ ਥਾਣੇ ਖੇਤਰ ਵਿਚ ਸ਼ਨਿਚਰਵਾਰ ਦੇਰ ਰਾਤ ਨੂੰ ਰਾਮਦੇਵਰਾ ਜਾ ਰਹੇ ਪੈਦਲ ਯਾਤਰੀਆਂ ਦੇ ਜੱਥੇ ਨੂੰ ਇਕ ਅਣਪਛਾਤੇ ਟਰੱਕ ਟ੍ਰੇਲਰ ਨੇ ਦਰੜ ਦਿੱਤਾ ਤੇ ਫ਼ਰਾਰ ਹੋ ਗਿਆ। ਦੋ ਯਾਤਰੀਆਂ ਦੀ ਮੌਕੇ 'ਤੇ ਮੌਤ ਹੋ ਗਈ। ਦੋ ਯਾਤਰੀਆਂ ਨੂੰ ਜ਼ਖ਼ਮੀ ਹਾਲਤ ਵਿਚ ਬੀਕਾਨੇਰ ਦੇ ਪੀਬੀਐੱਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਪੁਲਿਸ ਅਨੁਸਾਰ ਮਿ੍ਤਕ ਤੇ ਜ਼ਖ਼ਮੀ ਅਬੋਹਰ ਦੇ ਪਿੰਡ ਬਜੀਦਪੁਰ ਕੱਟਿਆਂਵਾਲੀ ਦੇ ਹਨ। ਲੂਣਕਰਨਸਰ ਥਾਣੇ ਦੇ ਇੰਚਾਰਜ ਈਸ਼ਵਰਾਨੰਦ ਨੇ ਦੱਸਿਆ ਕਿ ਇਹ ਹਾਦਸਾ ਰਾਤ 10 : 45 ਵਜੇ ਹਾਈਵੇਅ 'ਤੇ ਹਰਿਆਸਰ ਟੋਲ ਨਾਕੇ ਕੋਲ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਾਈਵੇਅ ਪੁਲਿਸ ਦੇ ਏਐੱਸਆਈ ਗਿਰਵਰ ਸਿੰਘ ਮੌਕੇ 'ਤੇ ਪੁੱਜੇ। ਇਸੇ ਦਰਮਿਆਨ ਟੋਲ ਨਾਕੇ ਦੇ ਮੁਲਾਜ਼ਮਾਂ ਵੱਲੋਂ ਸੂਚਨਾ ਦਿੱਤੇ ਜਾਣ 'ਤੇ ਲੂਣਕਰਨਸਰ ਤੋਂ ਸਮਾਜਸੇਵੀ ਸੰਸਥਾ ਟਾਈਗਰ ਫੋਰਸ ਦੇ ਮੁਖੀ ਮਹੀਪਾਲ ਸਿੰਘ, ਰਾਜੂ ਖਿਆਲ ਤੇ ਅਜੈ ਹਾਂਡਾ ਆਦਿ ਵੀ ਘਟਨਾ ਵਾਲੀ ਥਾਂ 'ਤੇ ਪੁੱਜ ਗਏ।

ਸੰਸਥਾ ਦੇ ਸਹਿਯੋਗ ਨਾਲ ਮਿ੍ਤਕਾਂ ਤੇ ਜ਼ਖ਼ਮੀਆਂ ਨੂੰ ਲੂਣਕਰਨਸਰ ਦੇ ਹਸਪਤਾਲ 'ਚ ਪਹੁੰਚਾਇਆ ਗਿਆ। ਪੁਲਿਸ ਅਨੁਸਾਰ ਮਿ੍ਤਕ ਸ਼ਰਧਾਲੂਆਂ ਵਿਚ ਨੇਤਰਾਮ (40) ਪੁੱਤਰ ਚਿਰੰਜੀਲਾਲ ਤੇ ਸੁਭਾਸ਼ (20) ਪੁੱਤਰ ਕੇਸਰਾਰਾਮ ਸ਼ਾਮਲ ਹਨ। ਸੀਤਾਰਾਮ (50) ਪੁੱਤਰ ਦਲੀਪ ਕੁਮਾਰ ਤੇ ਕ੍ਰਿਸ਼ਨ (40) ਪੁੱਤਰ ਗੋਵਿੰਦਰਾਮ ਨੂੰ ਡਾਕਟਰਾਂ ਨੇ ਮੁੱਢਲੇ ਇਲਾਜ ਪਿੱਛੋਂ ਤੁਰੰਤ ਹੀ ਬੀਕਾਨੇਰ ਲਈ ਰੈਫਰ ਕਰ ਦਿੱਤਾ।

ਥਾਣਾ ਇੰਚਾਰਜ ਨੇ ਦੱਸਿਆ ਕਿ 6-7 ਸ਼ਰਧਾਲੂਆਂ ਦਾ ਜੱਥਾ 20 ਅਗਸਤ ਨੂੰ ਬਜੀਦਪੁਰ ਕੱਟਿਆਂਵਾਲੀ ਤੋਂ ਰਾਮਦੇਵਰਾ ਲਈ ਰਵਾਨਾ ਹੋਇਆ ਸੀ। ਸ਼ਨਿਚਰਵਾਰ ਰਾਤ ਜਦੋਂ ਇਹ ਹਾਦਸਾ ਵਾਪਰਿਆ ਉਸ ਵੇਲੇ 2-3 ਸ਼ਰਧਾਲੂ ਹਾਦਸੇ ਵਾਲੀ ਥਾਂ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ ਫੋਨ ਕਰਕੇ ਹਾਦਸੇ ਬਾਰੇ ਦੱਸਿਆ ਗਿਆ ਜਿਸ 'ਤੇ ਉਹ ਤੁਰੰਤ ਲੂਣਕਰਨਸਰ ਪੁੱਜੇ। ਜਾਣਕਾਰੀ ਅਨੁਸਾਰ ਇਸ ਜੱਥੇ ਦੀ ਅਗਵਾਈ ਇਕ ਸਾਧੂ ਕਰ ਰਿਹਾ ਸੀ। ਮਿ੍ਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰ ਵਾਲੇ ਐਤਵਾਰ ਸਵੇਰੇ ਲੂਣਕਰਨਸਰ ਪੁੱਜੇ। ਪੋਸਟਮਾਰਟਮ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਗਿਆ।

ਜ਼ਖ਼ਮੀਆਂ ਦਾ ਉਨ੍ਹਾਂ ਦੇ ਪਰਿਵਾਰ ਵਾਲਿਆਂ ਵੱਲੋਂ ਬੀਕਾਨੇਰ ਵਿਖੇ ਇਲਾਜ ਕਰਵਾਇਆ ਜਾ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਮਿ੍ਤਕ ਸੁਭਾਸ਼ ਦੇ ਭਰਾ ਲਾਲਚੰਦ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਅਣਪਛਾਤੇ ਟਰੱਕ ਟ੍ਰੇਲਰ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਰਾਤ ਨੂੰ ਜਦੋਂ ਇਹ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਪੁਲਿਸ ਨੇ ਟ੍ਰੇਲਰ ਨੂੰ ਫੜਨ ਲਈ ਨਾਕਾਬੰਦੀ ਕਰਵਾਈ ਪਰ ਸਫਲਤਾ ਨਹੀਂ ਮਿਲੀ।