ਸੁਖਵਿੰਦਰ ਥਿੰਦ, ਫਾਜ਼ਿਲਕਾ : ਪਾਕਿਸਤਾਨੀ ਸਮਗਲਰਾਂ ਤੋਂ ਹੈਰੋਇਨ ਮੰਗਵਾ ਕੇ ਭਾਰਤ 'ਚ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਸੀਆਈਏ ਸਟਾਫ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਉਕਤ ਮੁਲਜ਼ਮਾਂ ਕੋਲੋਂ 260 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਦੇ ਇੰਚਾਰਜ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੱਕ ਮਹੰਤ ਵਾਲਾ ਵਾਸੀ ਸਤਨਾਮ ਸਿੰਘ ਅਤੇ ਜ਼ਿਲ੍ਹਾ ਫਾਜ਼ਿਲਕਾ ਪਿੰਡ ਮਨਿਯਾਂਵਾਲੀ ਵਾਸੀ ਮਹਿਲ ਸਿੰਘ ਉਰਫ ਮੇਜਰ ਸਿੰਘ ਪਾਕਿਸਤਾਨੀ ਸਮੱਗਲਰਾਂ ਤੋਂ ਹੈਰੋਇਨ ਮੰਗਵਾ ਕੇ ਭਾਰਤ 'ਚ ਸਪਲਾਈ ਕਰਦੇ ਹਨ।

ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਬੁੱਧਵਾਰ ਨੂੰ ਵੀ ਉਕਤ ਮੁਲਜ਼ਮ ਹੈਰੋਇਨ ਸਪਲਾਈ ਕਰਨ ਜਾ ਰਹੇ ਹਨ। ਪੁਲਿਸ ਨੇ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਪਿੰਡ ਹਸਤਾ ਅਤੇ ਰਾਣਾ ਵਿਚਾਲੇ ਨਾਕਾ ਲਾ ਕੇ ਉਕਤ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ, ਜਿਨ੍ਹਾਂ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇੰਸਪੈਕਟਰ ਜਗਦੀਸ਼ ਕੁਮਾਰ ਨੇ ਕਿਹਾ ਕਿ ਇਨ੍ਹਾਂ ਕੋਲੋ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਕੋਲੋ ਹੋਰ ਜਾਣਕਾਰੀ ਪ੍ਰਰਾਪਤ ਕੀਤੀ ਜਾ ਸਕੇ।