ਸਟਾਫ ਰਿਪੋਰਟਰ, ਫਿਰੋਜ਼ਪੁਰ : ਥਾਣਾ ਸਿਟੀ ਫਿਰੋਜ਼ਪੁਰ ਅਤੇ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਦੋ ਜਣਿਆਂ ਕੋਲੋਂ 10 ਗ੍ਰਾਮ ਹੈਰੋਇਨ ਅਤੇ 52 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਉਨਾਂ੍ਹ ਖਿਲਾਫ ਐੱਨਡੀਪੀਐੱਸ ਐਕਟ ਅਤੇ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਪੁਲਿਸ ਦੇ ਸਬ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਰਾਏ ਸਿੱਖ ਭਵਨ, ਬਸਤੀ ਸ਼ੇਖਾਂ ਵਾਲੀ ਸਿਟੀ ਫਿਰੋਜ਼ਪੁਰ ਪਾਸ ਪੁੱਜੇ ਤਾਂ ਇਕ ਨੌਜਵਾਨ ਮੰਨਾ ਪੁੱਤਰ ਰਾਜੂ ਵਾਸੀ ਬਸਤੀ ਸ਼ੇਖਾਂ ਵਾਲੀ ਸਿਟੀ ਫਿਰੋਜ਼ਪੁਰ ਪੈਦਲ ਆਉਂਦਾ ਵਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਗਿਆ ਤੇ ਇਕ ਦਮ ਪਿੱਛੇ ਮੁੜ ਕੇ ਮੌਕੇ ਤੋਂ ਖਿਸਕਣ ਲੱਗਾ, ਜਿਸ ਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਅ 'ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਇਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਸਦਰ ਫਿਰੋਜ਼ਪੁਰ ਪੁਲਿਸ ਦੀ ਏਐੱਸਆਈ ਰਜਵੰਤ ਕੌਰ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਪਿੰਡ ਮਾਛੀਵਾੜਾ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ਣ ਪੇ੍ਮ ਕੌਰ ਉਰਫ ਪੋ੍ਮੋ ਪਤਨੀ ਕਰਨੈਲ ਸਿੰਘ ਵਾਸੀ ਪਿੰਡ ਮਾਛੀਵਾੜਾ ਜੋ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦੀ ਆਦੀ ਹੈ, ਜੇਕਰ ਹੁਣੇ ਇਸ ਦੇ ਘਰ 'ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ਣ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ ਦੋਸ਼ਣ ਮੌਕੇ ਤੋਂ ਫਰਾਰ ਹੋ ਗਈ ਤੇ ਮੌਕੇ 'ਤੇ 52 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।