ਸਟਾਫ ਰਿਪੋਰਟਰ, ਫਿਰੋਜ਼ਪੁਰ: ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਵੱਖ ਵੱਖ ਥਾਵਾਂ ਤੋਂ ਦੋ ਵਿਅਕਤੀਆਂ ਨੂੰ 80 ਕਿੱਲੋ ਡੋਡੇ ਤੇ 30 ਕਿਲੋ ਲਾਹਣ ਸਮੇਤ ਗਿ੍ਫਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮੰਗਲ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧੀ ਮੱਲਾਂਵਾਲਾ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਮੁਲਜ਼ਮ ਬਲਜਿੰਦਰ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਠੱਠੀ ਖਾਰਾ ਜ਼ਿਲ੍ਹਾ ਤਰਨਤਾਰਨ ਜੋ ਭੁੱਕੀ ਪੁਸਤ ਰਾਜਸਥਾਨ ਤੋਂ ਲਿਆ ਕੇ ਵੇਚਦਾ ਹੈ, ਜੋ ਅੱਜ ਵੀ ਆਪਣੇ ਟਰੱਕ ਨੰਬਰ ਪੀਬੀ 02 ਡੀਐੱਫ 4726 'ਤੇ ਭੁੱਕੀ ਚੂਰਾ ਪੋਸਤ ਲੈ ਕੇ ਆ ਰਿਹਾ ਹੈ, ਜੇ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਸਮੇਤ ਉਕਤ ਟਰੱਕ ਦੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ 80 ਕਿਲੋ ਡੋਡੇ ਸਾਬਤ ਬਰਾਮਦ ਹੋਏ। ਇਸੇ ਹੀ ਥਾਣੇ ਦੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਉਨਾਂ੍ਹ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਖੋਸਾ ਦਲ ਸਿੰਘ ਵਾਲਾ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਅੰਗਰੇਜ਼ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਮਰਖਾਈ ਨਾਜਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਆਦੀ ਹੈ, ਜੇਕਰ ਹੁਣੇ ਇਸ ਦੇ ਘਰ 'ਤੇ ਛਾਪੇਮਾਰੀ ਕੀਤੀ ਜਾਵੇ ਤਾਂ ਨਾਜਾਇਜ਼ ਸ਼ਰਾਬ ਬਰਾਮਦ ਹੋ ਸਕਦੀ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ 'ਤੇ ਛਾਪੇਮਾਰੀ ਕਰਕੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਤੇ ਮੌਕੇ 'ਤੇ 30 ਕਿਲੋ ਲਾਹਣ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲੇ ਦਰਜ ਕਰ ਲਏ ਗਏ ਹਨ।