ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਤਲਵੰਡੀ ਭਾਈ ਤੇ ਜ਼ੀਰਾ ਪੁਲਿਸ ਦੇ ਵੱਲੋਂ ਹੈਰੋਇਨ ਤੇ ਨਸ਼ੀਲੇ ਪਾਊਡਰ ਸਣੇ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕਰਦਿਅ ਉਨ੍ਹਾਂ ਦੇ ਵਿਰੁੱਧ ਪਰਚੇ ਦਰਜ ਕੀਤੇ ਗਏ ਹਨ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਭਾਈ ਦੇ ਏਐੱਸਆਈ ਸੁਖਦੇਵ ਰਾਜ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਲਖਵੀਰ ਸਿੰਘ ਨਸ਼ੀਲਾ ਪਾਊਡਰ ਵੇਚਣ ਦਾ ਆਦੀ ਹੈ ਅਤੇ ਹੁਣ ਵੀ ਉਹ ਨਸ਼ੀਲਾ ਪਾਊਡਰ ਵੇਚਣ ਵਾਸਤੇ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਸੂਚਨਾ ਮਿਲਦਿਆ ਸਾਰ ਨਾਕੇਬੰਦੀ ਕਰਕੇ ਉਕਤ ਲਖਵੀਰ ਸਿੰਘ ਨੂੰ ਕਾਬੂ ਕਰਦਿਆ ਹੋਇਆ ਉਸ ਦੇ ਕਬਜ਼ੇ 'ਚੋਂ 50 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਲਖਵੀਰ ਸਿੰਘ ਉਰਫ਼ ਲੱਖਾ ਪੁੱਤਰ ਸੁਰਜੀਤ ਸਿੰਘ ਵਾਸੀ ਤੁੰਬੜ ਭੰਨ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਜ਼ੀਰਾ ਸਦਰ ਦੇ ਏਐੱਸਆਈ ਲਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਪਿੰਡ ਕੱਚਰ ਭੰਨ ਦੇ ਕੋਲ ਨਾਕੇਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਸੰਦੀਪ ਕੁਮਾਰ ਉਰਫ ਨੋਨਾ ਜੋ ਕਿ ਹੈਰੋਇਨ ਵੇਚਣ ਦਾ ਆਦੀ ਹੈ ਅਤੇ ਅੱਜ ਵੀ ਉਕਤ ਸੰਦੀਪ ਹੈਰੋਇਨ ਵੇਚਣ ਵਾਸਤੇ ਜਾ ਰਿਹਾ ਹੈ। ਪੁਲਿਸ ਨੇ ਦਾਅਵਾ ਕਰਦਿਆ ਹੋਇਆ ਦੱਸਿਆ ਕਿ ਸੂਚਨਾ ਮਿਲਦਿਆ ਸਾਰ ਨਾਕੇਬੰਦੀ ਦੇ ਦੌਰਾਨ ਹੀ ਸੰਦੀਪ ਨੂੰ ਕਾਬੂ ਕਰ ਲਿਆ ਗਿਆ, ਜਿਸ ਦੇ ਕਬਜ਼ੇ ਵਿਚੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਮੁਤਾਬਿਕ ਫੜੇ ਗਏ ਸੰਦੀਪ ਕੁਮਾਰ ਉਰਫ ਨੋਨਾ ਪੁੱਤਰ ਤਰਸੇਮ ਲਾਲ ਵਾਸੀ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਦੇ ਵਿਰੁੱਧ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਰਵਾਈ ਆਰੰਭ ਕਰ ਦਿੱਤੀ ਗਈ ਹੈ।