ਪਰਮਿੰਦਰ ਸਿੰਘ ਥਿੰਦ, ਫ਼ਿਰੋਜ਼ਪੁਰ: ਕੋਰੋਨਾ ਵਾਇਰਸ ਦੇ ਮਾਮਲੇ ਵਿਚ ਭਾਰਤ ਦਾ ਰੱਬ ਹੀ ਰਾਖਾ ਹੈ, ਨਹੀਂ ਤਾਂ ਜਿਵੇਂ ਸਿਹਤ ਵਿਭਾਗ ਵੱਲੋਂ ਈਦ ਮਗਰੋਂ ਤੰਬਾ ਫੂਕਣ ਦਾ ਕੰਮ ਕੀਤਾ ਜਾ ਰਿਹਾ ਹੈ, ਭਾਰਤ ਦਾ ਹਾਲ ਅਮਰੀਕਾ ਨਾਲੋਂ ਵੀ ਮਾੜਾ ਹੋਣਾ ਸੀ। ਸਿਹਤ ਵਿਭਾਗ ਦੀ ਚੁਸਤੀ ਦਾ ਆਲਮ ਇਹ ਹੈ ਕਿ ਫਿਰੋਜ਼ਪੁਰ ਤੋਂ ਜੰਮੂ ਗਏ ਇਕ ਟਰੱਕ ਡਰਾਈਵਰ ਦਾ 18 ਮਈ ਨੂੰ ਕੋਰੋਨਾ ਸੈਂਪਲ ਲਿਆ ਗਿਆ ਸੀ, ਪਰ ਉਸ ਦੀ ਰਿਪੋਰਟ ਫਿਰੋਜ਼ਪੁਰ ਭੇਜਣ ਵਿਚ ਹੀ ਪੂਰੇ 6 ਦਿਨ ਲਾ ਦਿੱਤੇ ਗਏ। ਆਲਮ ਇਹ ਹੈ ਕਿ ਜਦੋਂ ਤੱਕ ਰਿਪੋਰਟ ਆਈ ,ਉਹ ਡਰਾਈਵਰ ਗੁਜਰਾਤ ਦੇ ਵੜੋਦਰਾ ਜਾ ਚੁੱਕਾ ਸੀ।

ਫਿਰੋਜ਼ਪੁਰ ਨਾਲ ਸਬੰਧਤ ਤਾਜ਼ਾ ਮਾਮਲੇ ਦੇ ਧਿਆਨ ਵਿਚ ਆਉਣ ਮਗਰੋਂ ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 45 ਹੋ ਗਈ ,ਜਿੰਨ੍ਹਾਂ ਵਿਚੋਂ 43 ਠੀਕ ਹੋ ਕੇ ਘਰੋਂ ਘਰੀ ਜਾ ਚੁੱਕੇ ਹਨ , ਜਦਕਿ ਇਕ ਦੀ ਮੋਤ ਮਗਰੋਂ ਹੀ ਉਸ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਐਤਵਾਰ ਨੂੰ ਜੰਮੂ ਤੋਂ ਆਈ ਰਿਪੋਰਟ ਮੁਤਾਬਿਕ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪਛਾਣ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਵਾਸੀ 25 ਸਾਲਾ ਡਰਾਈਵਰ ਵਜੋਂ ਹੋਈ ਹੈ । ਵਧੇਰੇ ਜਾਣਕਾਰੀ ਦੇਂਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਾਛੀਵਾੜਾ ਪਿੰਡ ਦਾ ਵਸਨੀਕ ਟਰੱਕ ਡਰਾਈਵਰ ਹੈ 19 ਮਈ ਨੂੰ ਜੰਮੂ ਤੋਂ ਫ਼ਿਰੋਜ਼ਪੁਰ ਆਇਆ ਸੀ, ਜਿਸ ਦੇ ਜੰਮੂ ਵਿਖੇ ਸੈਂਪਲ ਲਏ ਗਏ ਸਨ ।

ਐਤਵਾਰ ਨੂੰ ਜੰਮੂ ਪ੍ਰਸ਼ਾਸਨ ਵੱਲੋਂ ਉਕਤ ਡਰਾਈਵਰ ਦੀ ਪਾਜ਼ੇਟਿਵ ਰਿਪੋਰਟ ਬਾਰੇ ਫ਼ਿਰੋਜ਼ਪੁਰ ਪ੍ਰਸ਼ਾਸਨ ਨੂੰ ਸੂਚਿਤ ਕੀਤੇ ਜਾਣ ਮਗਰੋਂ ਜਦੋਂ ਉਕਤ ਡਰਾਈਵਰ ਨਾਲ ਸੰਪਰਕ ਕੀਤਾ ਤਾਂ ਉਹ ਗੁਜਰਾਤ ਦੇ ਵੜੋਦਰਾ ਪਹੁੰਚ ਚੁੱਕਾ ਸੀ। ਇਸ 'ਤੇ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਕਥਿੱਤ ਤੌਰ 'ਤੇ ਵੜੋਦਰਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕਰਕੇ ਉਕਤ ਡਰਾਈਵਰ ਨੂੰ ਉਥੇ ਹੀ 'ਆਈਸੋਲੇਟ' ਕਰਵਾ ਦਿੱਤਾ ਗਿਆ ਹੈ।

ਪਿੰਡ ਮਾਛੀਵਾੜਾ ਨਾਲ ਸਬੰਧਤ 12 ਸੰਪਰਕਾਂ ਦੇ ਲਏ ਸੈਂਪਲ

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਡਰਾਈਵਰ ਗੁਜਰਾਤ ਦੇ ਵੜੋਦਰਾ ਜਾ ਚੁੱਕਾ ਹੈ ਅਤੇ ਉਸ ਨੂੰ ਉਥੇ ਹੀ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਈਵਰ ਦੇ ਕਰੀਬੀ ਸੰਪਰਕ ਵਾਲੇ 12 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਵਾਸਤੇ ਭੇਜ ਦਿੱਤੇ ਗਏ ਹਨ। ਉਕਤ 12 ਲੋਕਾਂ ਵਿਚ ਉਸ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।

Posted By: Jagjit Singh