ਸਟਾਫ ਰਿਪੋਰਟਰ, ਫਿਰੋਜ਼ਪੁਰ : ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਦੌਰਾਨ ਟਰੱਕਾਂ ਵਿਚ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਖਿਲਾਫ 379, 411 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਟਰੱਕ ਯੂਨੀਅਨ ਬਾਰਡਰ ਰੋਡ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਸੁਰਿੰਦਰ ਕੁਮਾਰ ਉਰਫ ਕਾਕਾ ਪੁੱਤਰ ਬਿੰਦਰ ਸਿੰਘ ਵਾਸੀ ਬਸਤੀ ਆਵਾ ਅਤੇ ਸਾਗਰ ਪੁੱਤਰ ਸਤਪਾਲ ਵਾਸੀ ਬਸਤੀ ਭੱਟੀਆਂ ਵਾਲੀ ਚੱਲਦੇ ਟਰੱਕਾਂ ਵਿਚੋਂ ਕਣਕ ਉਤਾਰ ਕੇ ਕਣਕ ਚੋਰੀ ਕਰਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ ਜੋ ਅੱਜ ਵੀ ਬਾਰਡਰ ਰੋਡ ਸਿਟੀ ਫਿਰੋਜ਼ਪੁਰ ਵਾਲੇ ਪਾਸਿਓਂ ਚੋਰੀ ਕੀਤੀ ਕਣਕ ਮੋਟਰਸਾਈਕਲ ਤੇ ਲੈ ਕੇ ਆ ਰਹੇ ਹਨ। ਜਾਂਚਕਰਤਾ ਨੇ ਦੱਸਿਆ ਕਿ ਜਦ ਉਕਤ ਜਗ੍ਹਾ ਤੇ ਨਾਕਾਬੰਦੀ ਕਰਕੇ ਬਿਨ੍ਹਾ ਨੰਬਰ ਮੋਟਰਸਾਈਕਲ ਸਵਾਰਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 2 ਗੱਟੇ ਕਣਕ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।